ਸੁਲਤਾਨਪੁਰ ਲੋਧੀ 26 ਅਕਤੂਬਰ 2024: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਅਦਾਲਤ ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ। ਇਹ ਸੰਮਨ ਸ਼ਹਿਰ ਦੇ ਸੀਨੀਅਰ ਵਕੀਲ ਤੇ ਖੇਡ ਪ੍ਰੇਮੀ ਐਸਐਸ ਮੱਲੀ ਦੀ ਪਟੀਸ਼ਨ ’ਤੇ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਾਇਕ ਸਤਿੰਦਰ ਸਰਤਾਜ ਵੱਲੋਂ 10 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਦੇ ਮੈਦਾਨ ’ਚ ਸ਼ੋਅ ਕਰਵਾਇਆ ਜਾ ਰਿਹਾ ਹੈ ਤੇ ਇਸ ਦੀਆਂ ਜ਼ਿਆਦਾਤਰ ਟਿਕਟਾਂ ਵੀ ਵਿਕ ਚੁੱਕੀਆਂ ਹਨ। ਅਜਿਹੇ ’ਚ ਸਰਤਾਜ ਵੱਲੋਂ ਸਟੇਡੀਅਮ ਨੂੰ ਕਾਰੋਬਾਰ ਵਜੋਂ ਵਰਤਿਆ ਜਾ ਰਿਹਾ ਹੈ।
ਪਟੀਸ਼ਨ ’ਚ ਐਡਵੋਕੇਟ ਐਸਐਸ ਮੱਲੀ ਨੇ ਕਿਹਾ ਕਿ ਉਹ ਅਭਿਆਸ ਤੇ ਯੋਗਾ ਲਈ ਰੋਜ਼ਾਨਾ ਸਟੇਡੀਅਮ ਜਾਂਦਾ ਹੈ। ਸਟੇਡੀਅਮ ਦੇ ਹਾਕੀ ਮੈਦਾਨ ’ਚ ਰੋਜ਼ਾਨਾ ਕਈ ਖਿਡਾਰੀ ਅਭਿਆਸ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਕਪੂਰਥਲਾ ’ਚ ਹੋਰ ਕੋਈ ਗਰਾਊਂਡ ਨਹੀਂ ਹੈ, ਜਿਸ ਕਾਰਨ ਰੋਜ਼ਾਨਾ ਅਭਿਆਸ ਕਰਨ ਵਾਲਿਆਂ ਲਈ ਵੱਡੀ ਸਮੱਸਿਆ ਹੋਵੇਗੀ। ਉਕਤ ਗਰਾਊਂਡ ਨੂੰ ਲੱਖਾਂ ਰੁਪਏ ਖਰਚ ਕੇ ਸਰਕਾਰੀ ਫੰਡਾਂ ਨਾਲ ਬਣਾਇਆ ਗਿਆ ਹੈ।
ਪੰਜਾਬ ਸਰਕਾਰ ਨੂੰ ਵੀ ਬਣਾਇਆ ਪੱਖਕਾਰ
ਅਜਿਹੇ ਵਿੱਚ 10 ਨਵੰਬਰ ਨੂੰ ਹੋਣ ਵਾਲੇ ਸਰਤਾਜ ਦੇ ਸਟੇਜ ਸ਼ੋਅ ਕਾਰਨ ਸਪੋਰਟਸਮੈਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ’ਚ ਵੀ ਵਿਘਨ ਪਵੇਗਾ। ਇਸ ਮਾਮਲੇ ’ਚ ਸਤਿੰਦਰ ਸਰਤਾਜ ਸਮੇਤ ਉਨ੍ਹਾਂ ਦੀ ਕੰਪਨੀ ਫਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫਸਰ, ਐਸਐਸਪੀ ਕਪੂਰਥਲਾ, ਐਸਪੀ ਟਰੈਫਿਕ, ਸੁਰੱਖਿਆ ਇੰਚਾਰਜ ਕਪੂਰਥਲਾ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨਕਰਤਾ ਐਸਐਸ ਮੱਲੀ ਨੇ ਕਿਹਾ ਕਿ ਕਪੂਰਥਲਾ ’ਚ ਸਿਰਫ਼ ਗੁਰੂ ਨਾਨਕ ਸਟੇਡੀਅਮ ਹੈ।
ਜੋ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਜਿਸ ’ਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਤੇ ਸੂਬਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਨਿਯਮਾਂ ਮੁਤਾਬਕ ਜੇਕਰ ਕੋਈ ਸਟੇਡੀਅਮ ’ਚ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ ਤਾਂ ਵੀ ਇਹ ਕਿਸੇ ਲੋਕ ਭਲਾਈ ਪ੍ਰੋਗਰਾਮ ਲਈ ਕਿਰਾਏ ’ਤੇ ਦਿੱਤਾ ਜਾ ਸਕਦਾ ਹੈ ਨਾ ਕਿ ਕਿਸੇ ਵਪਾਰਕ ਪ੍ਰੋਗਰਾਮ ਲਈ। ਜਦੋਂ ਵੀ ਜ਼ਿਲ੍ਹਾ ਖੇਡ ਅਫ਼ਸਰ ਜ਼ਮੀਨ ਮੁਹੱਈਆ ਕਰਵਾ ਕੇ ਕਬੱਡੀ ਮੈਚਾਂ ਦੀ ਇਜਾਜ਼ਤ ਦਿੰਦਾ ਸੀ ਤਾਂ ਉਸ ਦੇ ਹੇਠਾਂ ਇੱਕ ਲਾਈਨ ਲਿਖ ਦਿੰਦਾ ਸੀ ਕਿ ਇਸ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਟਿਕਟ ਨਹੀਂ ਵੇਚੀ ਜਾਵੇਗੀ।