ਚੰਡੀਗੜ੍ਹ, 27 ਅਕਤੂਬਰ 2024 – ਜ਼ਿਲ੍ਹਾ ਅਦਾਲਤ ਨੇ ਚੋਰੀ ਦੀ ਕਾਰ ਦੇ ਹਿੱਸੇ ਨਸ਼ਟ ਕਰਨ ਤੇ ਵੇਚਣ ਦੇ ਮਾਮਲੇ ’ਚ 2 ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਦੀ ਪਛਾਣ ਰਾਜਬੀਰ ਸਿੰਘ ਤੇ ਜਗਸੀਰ ਸਿੰਘ ਵਾਸੀ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲਸ ਨੇ ਮਨੀਮਾਜਰਾ ਵਾਸੀ ਸੁਲੇਮਾਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ’ਚ ਪੀੜਤ ਨੇ ਦੱਸਿਆ ਕਿ ਉਸ ਨੇ 6 ਅਕਤੂਬਰ 2023 ਨੂੰ ਕਾਰ ਨਾਗਲਾ ਬਸਤੀ ’ਚ ਖੜ੍ਹੀ ਕੀਤੀ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਕਾਰ ਉੱਥੋਂ ਗ਼ਾਇਬ ਸੀ। ਕੇਸ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਤਫਤੀਸ਼ ਦੌਰਾਨ ਰਾਜਬੀਰ, ਜੋ ਕਿ ਪਹਿਲਾਂ ਹੀ ਪੁਲਸ ਹਿਰਾਸਤ ’ਚ ਸੀ, ਨੇ ਕਬੂਲ ਕੀਤਾ ਕਿ ਉਸ ਨੇ ਕਾਰ ਜਗਸੀਰ ਨੂੰ ਵੇਚੀ ਸੀ।
ਜਿਸ ਨੇ ਇਸ ਦੇ ਹਿੱਸੇ ਨਸ਼ਟ ਕੀਤੇ ਤੇ ਵੇਚ ਦਿੱਤੇ। ਮੁਲਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਕੇਸ ’ਚ ਝੂਠਾ ਫਸਾਇਆ ਗਿਆ ਹੈ। ਇਸ ਤੋਂ ਇਲਾਵਾ, ਕਾਰ ਦੇ ਪਾਰਟਸ ਦੀ ਬਰਾਮਦਗੀ ਵੇਲੇ ਕੋਈ ਵੀ ਗਵਾਹ ਸਾਹਮਣੇ ਨਹੀਂ ਆਇਆ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਕਰਤਾ ਨੇ ਟੁੱਟੀ ਹੋਈ ਕਾਰ ਦੀ ਪਛਾਣ ਕਰ ਲਈ। ਅਦਾਲਤ ਨੇ ਮਾਮਲੇ ’ਚ ਸਾਹਮਣੇ ਆਏ ਤੱਥਾਂ ਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 411 (ਚੋਰੀ ਦਾ ਸਾਮਾਨ ਖ਼ਰੀਦਣ) ਦਾ ਦੋਸ਼ੀ ਠਹਿਰਾਇਆ ਗਿਆ ਤੇ ਇੱਕ ਸਾਲ ਦੀ ਕੈਦ ਸੁਣਾਈ ਗਈ।