ਦੋਰਾਹਾ, 27 ਅਕਤੂਬਰ 2024 – ਦੋਰਾਹਾ ਨੇੜਲੇ ਪਿੰਡ ਅਜਨੌਦ ਦੇ ਇਕ ਨਸ਼ਾ ਸਮੱਗਲਰ ਦੀ 4.84 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ। ਇਹ ਕਾਰਵਾਈ ਪਾਇਲ ਦੇ ਮਾਣਯੋਗ ਡੀ.ਐੱਸ.ਪੀ. ਦੀਪਕ ਰਾਏ ਅਤੇ ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਇੰਸ. ਰਾਓ ਵਰਿੰਦਰ ਸਿੰਘ ਦੀ ਸਾਂਝੀ ਅਗਵਾਈ ਵਿਚ ਪੁਲਸ ਟੀਮ ਵਲੋਂ ਕੀਤੀ ਗਈ ਹੈ।
ਦੀਪਕ ਰਾਏ ਨੇ ਦੱਸਿਆ ਕਿ ਅਜਨੌਦ ਦੇ ਜਗਦੇਵ ਸਿੰਘ ਉਰਫ਼ ਜੱਗੀ ਕੋਲੋਂ 2 ਕਿਲੋ 20 ਗ੍ਰਾਮ ਹੈਰੋਇਨ ਫੜੀ ਗਈ ਸੀ ਅਤੇ ਉਸ ਦੇ ਖ਼ਿਲਾਫ਼ 2020 ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਰਾਹਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਡੀ.ਐੱਸ.ਪੀ. ਰਾਏ ਦੀ ਅਗਵਾਈ ਵਿਚ ਉਸ ਦੀ 4.84 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ, ਜੋ ਨੇ ਨਸ਼ਾ ਸਮੱਗਲਿੰਗ ਕਰ ਕੇ ਬਣਾਈ ਸੀ।
ਉਨ੍ਹਾਂ ਦੱਸਿਆ ਕਿ ਇਸ ਜਾਇਦਾਦ ਦੀ ਅਟੈਚਮੈਂਟ ਲਈ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਤਿਆਰ ਕਰ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ, ਜਿਸ ਬਾਰੇ ਪ੍ਰਵਾਨਗੀ ਮਿਲਣ ’ਤੇ ਉਸਦੀ ਜਾਇਦਾਦ ਦੇ ਬਾਹਰ ਨੋਟਿਸ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਇਹ ਜਾਇਦਾਦ ਵੇਚ ਨਹੀ ਸਕੇਗਾ ਅਤੇ ਇਸ ਦਾ ਕੇਸ ਕੰਪੀਟੈਂਟ ਅਥਾਰਟੀ ਕੋਲ ਚੱਲੇਗਾ।
ਡੀ.ਐੱਸ.ਪੀ. ਦੀਪਕ ਰਾਏ ਨੇ ਦੱਸਿਆ ਕਿ ਪਾਇਲ ਸਬ-ਡਵੀਜ਼ਨ ਪੁਲਸ ਪ੍ਰਸ਼ਾਸਨ ਵਲੋਂ ਇਲਾਕੇ ਦੇ 7-8 ਹੋਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।