ਕੇਰਲ, 29 ਅਕਤੂਬਰ 2024 – ਕੇਰਲ ਦੇ ਕਾਸਾਰਗੋਡ ਸਥਿਤ ਅੰਜੁਤੰਬਲਮ ਵੀਰਕਾਵੂ ਮੰਦਰ ‘ਚ ਸੋਮਵਾਰ ਰਾਤ ਕਰੀਬ 12:30 ਵਜੇ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਕਾਸਰਗੋਡ ਪੁਲਿਸ ਨੇ ਦੱਸਿਆ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੰਦਰ ‘ਚ ਸਲਾਨਾ ਕਾਲੀਆਤਮ ਤਿਉਹਾਰ ਲਈ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਦੋਂ ਆਤਿਸ਼ਬਾਜ਼ੀ ਤੋਂ ਨਿਕਲੀ ਚੰਗਿਆੜੀ ਪਟਾਕਿਆਂ ਦੇ ਗੋਦਾਮ ਦੇ ਖੇਤਰ ‘ਚ ਪਹੁੰਚ ਗਈ, ਜਿੱਥੇ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ।
ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਲੋਕਾਂ ਨੂੰ ਪਰਿਆਰਾਮ ਮੈਡੀਕਲ ਕਾਲਜ ਅਤੇ ਕਈਆਂ ਨੂੰ ਮੰਗਲੌਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਅੰਜੁਤੰਬਲਮ ਵੀਰਕਾਵੂ ਮੰਦਰ ਦੀ ਹੈ। ਇੱਥੇ ਮੰਦਿਰ ਵਿੱਚ ਸਲਾਨਾ ਕਾਲੀਆਤਮ ਤਿਉਹਾਰ ਮਨਾਇਆ ਜਾ ਰਿਹਾ ਸੀ। ਸਮਾਗਮ ਲਈ ਆਤਿਸ਼ਬਾਜ਼ੀ ਦਾ ਆਰਡਰ ਦਿੱਤਾ ਗਿਆ ਸੀ। ਇਸ ਨੂੰ ਗੋਦਾਮ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ। ਇਸ ਦੌਰਾਨ ਰਾਤ 12.30 ਵਜੇ ਅਚਾਨਕ ਪਟਾਕੇ ਫਟਣੇ ਸ਼ੁਰੂ ਹੋ ਗਏ ਅਤੇ ਕੁਝ ਹੀ ਸਮੇਂ ਬਾਅਦ ਧੂੰਏਂ ਦੇ ਬੱਦਲ ਉੱਠਣ ਲੱਗੇ।