ਜੰਮੂ-ਕਸ਼ਮੀਰ, 28 ਅਕਤੂਬਰ 2024 – ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ‘ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਕ ਅੱਤਵਾਦੀ ਦੀ ਲਾਸ਼ ਮਿਲੀ ਹੈ। ਸਵੇਰੇ 7:26 ਵਜੇ ਇਨ੍ਹਾਂ ਅੱਤਵਾਦੀਆਂ ਨੇ ਕੰਟਰੋਲ ਰੇਖਾ ਨੇੜੇ ਭੱਠਲ ਇਲਾਕੇ ‘ਚ ਫੌਜ ਦੀ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਗੋਲੀਬਾਰੀ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ ਸਨ। ਫੌਜ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਕਰੀਬ 5 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਤਿੰਨੋਂ ਅੱਤਵਾਦੀ ਮਾਰੇ ਗਏ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਬਾਰਾਮੂਲਾ ‘ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਹਮਲਾ ਕੀਤਾ ਸੀ, ਜਿਸ ‘ਚ 3 ਜਵਾਨ ਅਤੇ 2 ਪੋਰਟਰਾਂ ਦੀ ਜਾਨ ਚਲੀ ਗਈ ਸੀ।
ਸੁਰੱਖਿਆ ਬਲਾਂ ਨੇ ਦੱਸਿਆ ਕਿ ਭੱਠਲ ਇਲਾਕੇ ‘ਚ ਜੰਗਲ ਨਾਲ ਲੱਗਦੇ ਸ਼ਿਵ ਆਸਨ ਮੰਦਰ ‘ਚ ਅੱਤਵਾਦੀ ਇਕ ਮੋਬਾਈਲ ਦੀ ਲੱਭ ਰਹੇ ਸਨ। ਉਨ੍ਹਾਂ ਨੇ ਕਿਸੇ ਨੂੰ ਕਾਲ ਕਰਨੀ ਸੀ। ਇਸ ਦੌਰਾਨ ਉੱਥੋਂ ਫੌਜ ਦੀ ਐਂਬੂਲੈਂਸ ਲੰਘੀ ਅਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਬੀਤੀ ਰਾਤ ਸਰਹੱਦ ਪਾਰ ਕਰਕੇ ਅਖਨੂਰ ਆਏ ਸਨ।