ਮਥੁਰਾ, 13 ਜਨਵਰੀ 2021 – ਬੀਜੇਪੀ ਦੀ ਐਮ ਪੀ ਤੇ ਆਪਣੇ ਜ਼ਮਾਨੇ ਦੀ ਉੱਘੀ ਅਭਿਨੇਤਰੀ ਹੇਮਾ ਮਾਲਿਨੀ ਨੇ ਵਿਰੋਧੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਉਂਦਿਆਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਤੇ ਖੇਤੀ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਿਚ ਕੋਈ ਕਮੀ ਨਹੀਂ ਹੈ ਪਰ ਵਿਰੋਧੀ ਧਿਰ ਦੇ ਬਹਿਕਾਵੇ ’ਚ ਆ ਕੇ ਲੋਕ ਅੰਦੋਲਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਜਾਣਦੇ ਨਹੀਂ ਹਨ ਕਿ ਉਹ ਚਾਹੁੰਦੇ ਕੀ ਹਨ?
ਹੇਮਾ ਮਾਲਿਨੀ ਸੋਮਵਾਰ ਮਥੁਰਾ ਦੇ ਵ੍ਰਿੰਦਾਵਨ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਨਵੇਂ ਖੇਤੀ ਕਾਨੂੰਨਾਂ ‘ਚ ਕੋਈ ਕਮੀ ਨਹੀਂ ਪਰ ਵਿਰੋਧੀਆਂ ਦੇ ਬਹਿਕਾਵੇ ‘ਚ ਆਕੇ ਲੋਕ ਅੰਦੋਲਨ ਕਰ ਰਹੇ ਹਨ। ਇਸ ਤੋਂ ਪਹਿਲਾਂ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਵੀ ਖੇਤੀ ਕਾਨੂੰਨਾਂ ਦੇ ਸਮਰਥਨ ’ਚ ਗੱਲ ਕਰ ਚੁੱਕੇ ਹਨ।