- ਯੂਕਰੇਨ ਨਾਲ ਲਗਭਗ 2 ਸਾਲਾਂ ਤੋਂ ਚੱਲ ਰਹੀ ਹੈ ਜੰਗ
ਨਵੀਂ ਦਿੱਲੀ, 30 ਅਕਤੂਬਰ 2024 – ਯੂਕਰੇਨ ਨਾਲ ਰੂਸ ਦੀ ਜੰਗ ਲਗਭਗ 2 ਸਾਲਾਂ ਤੋਂ ਚੱਲ ਰਹੀ ਹੈ। ਇਸ ਦੌਰਾਨ ਰੂਸ ਨੇ ਸੋਮਵਾਰ ਨੂੰ ਆਪਣੀ ਪਰਮਾਣੂ ਯੂਨਿਟ ਦੀ ਡ੍ਰਿਲ ਕੀਤੀ। ਇਸ ਵਿੱਚ ਬੰਬ, ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਨੂੰ ਨਾਲੋ-ਨਾਲ ਸਟੀਕਤਾ ਨਾਲ ਦਾਗਿਆ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕ੍ਰੇਮਲਿਨ ਸਥਿਤ ਪ੍ਰਮਾਣੂ ਕੇਂਦਰ ਤੋਂ ਇਸ ਅਭਿਆਸ ਦੀ ਨਿਗਰਾਨੀ ਕੀਤੀ।
ਇਸ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਪੁਤਿਨ ਨੇ ਕਿਹਾ- ਅੱਜ ਅਸੀਂ ਰਣਨੀਤਕ ਰੋਕੂ ਯੂਨਿਟ ਦਾ ਅਭਿਆਸ ਕਰ ਰਹੇ ਹਾਂ। ਇਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਅਭਿਆਸ ਕੀਤਾ। ਉਨ੍ਹਾਂ ਕਿਹਾ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਆਖਰੀ ਉਪਾਅ ਵਜੋਂ ਹੀ ਕਰੇਗਾ। ਰੂਸ ਦੀ ਫੌਜੀ ਨੀਤੀ ਵਿੱਚ ਸਿਧਾਂਤ ਇਹ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਵੇਗੀ ਜਦੋਂ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਜ਼ਰੂਰੀ ਹੋਵੇਗਾ।
ਪੁਤਿਨ ਨੇ ਕਿਹਾ ਕਿ ਪ੍ਰਮਾਣੂ ਟ੍ਰਾਈਡ ਸਾਡੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਮਜ਼ਬੂਤ ਗਾਰੰਟੀ ਹੈ। ਇਹ ਸ਼ਕਤੀਆਂ ਵਿਸ਼ਵ ਸ਼ਕਤੀਆਂ ਨਾਲ ਸੰਤੁਲਨ ਬਣਾਈ ਰੱਖਣ ਵਿੱਚ ਸਾਡੀ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਧਦੇ ਵਿਸ਼ਵ ਤਣਾਅ ਅਤੇ ਬਾਹਰੀ ਖਤਰਿਆਂ ਦੇ ਅੱਜ ਦੇ ਸਮੇਂ ਵਿੱਚ ਆਧੁਨਿਕ ਰਣਨੀਤਕ ਰੋਕੂ ਯੂਨਿਟਾਂ ਨੂੰ ਹਮੇਸ਼ਾ ਤਿਆਰ ਰੱਖਣਾ ਜ਼ਰੂਰੀ ਹੈ। ਇਨ੍ਹਾਂ ਨੂੰ ਲਗਾਤਾਰ ਅਪਡੇਟ ਕਰਨਾ ਜ਼ਰੂਰੀ ਹੋ ਗਿਆ ਹੈ।
ਪੁਤਿਨ ਨੇ ਕਿਹਾ ਕਿ ਰੂਸ ਆਪਣੀ ਰੱਖਿਆ ਤਕਨੀਕ ਦੇ ਸਾਰੇ ਹਿੱਸਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ। ਸਾਡੀ ਰੱਖਿਆ ਲਈ ਸਾਡੇ ਕੋਲ ਲੋੜੀਂਦੇ ਸਰੋਤ ਹਨ। ਰੂਸ ਲਗਾਤਾਰ ਆਪਣੇ ਹਥਿਆਰਾਂ ਦੀ ਯੋਜਨਾ ‘ਚ ਬਦਲਾਅ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ, ਰਸ਼ੀਅਨ ਫੈਡਰੇਸ਼ਨ ਦੇ ਰਣਨੀਤਕ ਮਿਜ਼ਾਈਲ ਬਲਾਂ ਨੂੰ ਨਵੇਂ ਸਟੇਸ਼ਨਰੀ ਅਤੇ ਮੋਬਾਈਲ ਮਿਜ਼ਾਈਲ ਪ੍ਰਣਾਲੀਆਂ ਵਿੱਚ ਬਦਲ ਦਿੱਤਾ ਜਾਵੇਗਾ।
ਇਨ੍ਹਾਂ ਦੀ ਸ਼ੁੱਧਤਾ ਜ਼ਿਆਦਾ ਹੋਵੇਗੀ, ਲਾਂਚਿੰਗ ਦੀ ਤਿਆਰੀ ਦਾ ਸਮਾਂ ਘੱਟ ਹੋਵੇਗਾ ਅਤੇ ਐਂਟੀ-ਮਿਜ਼ਾਈਲ ਪ੍ਰਣਾਲੀਆਂ ‘ਤੇ ਕਾਬੂ ਪਾਉਣ ਦੀ ਸਮਰੱਥਾ ਵੀ ਸ਼ਾਮਲ ਹੋਵੇਗੀ। ਰੂਸ ਦੇ ਸਮੁੰਦਰੀ ਬੇੜੇ ਨੂੰ ਨਵੀਨਤਮ ਪ੍ਰਮਾਣੂ ਪਣਡੁੱਬੀਆਂ ਨਾਲ ਅਪਡੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਵਾਈ ਸੈਨਾ ਵਿੱਚ ਲੰਬੀ ਰੇਂਜ ਦੇ ਬੰਬਾਰਡੀਅਰ ਜਹਾਜ਼ਾਂ ਦਾ ਵੀ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।