ਨਵੀਂ ਦਿੱਲੀ, 31 ਅਕਤੂਬਰ 2024 – ਸਪੇਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਦੇ ਪੂਰਬ ਵਿੱਚ ਅਚਾਨਕ ਹੜ੍ਹਾਂ ਕਾਰਨ 95 ਲੋਕਾਂ ਦੀ ਮੌਤ ਹੋ ਗਈ, ਕਈ ਕਾਰਾਂ ਵਹਿ ਗਈਆਂ, ਪਿੰਡ ਪਾਣੀ ਵਿੱਚ ਡੁੱਬ ਗਏ ਅਤੇ ਰੇਲ ਲਾਈਨਾਂ ਅਤੇ ਹਾਈਵੇਅ ਬੰਦ ਹੋ ਗਏ। ਪੂਰਬੀ ਵੈਲੇਂਸੀਆ ਸੂਬੇ ਵਿੱਚ ਐਮਰਜੈਂਸੀ ਸੇਵਾਵਾਂ ਨੇ ਬੁੱਧਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 92 ਹੋਣ ਦੀ ਪੁਸ਼ਟੀ ਕੀਤੀ। ਦੋ ਹੋਰ ਮੌਤਾਂ ਗੁਆਂਢੀ ਕੈਸਟੀਲਾ-ਲਾ-ਮੰਚਾ ਖੇਤਰ ਵਿੱਚ ਹੋਈਆਂ, ਜਦੋਂ ਕਿ ਇੱਕ ਵਿਅਕਤੀ ਦੀ ਦੱਖਣੀ ਅੰਦਾਲੁਸੀਆ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸਪੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ‘ਚ ਮੰਗਲਵਾਰ ਨੂੰ ਸ਼ੁਰੂ ਹੋਈ ਤੇਜ਼ ਬਾਰਿਸ਼ ਬੁੱਧਵਾਰ ਨੂੰ ਵੀ ਜਾਰੀ ਰਹੀ।
ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਬਦਤਰ ਹੋ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 300 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਟਰੇਨ ਪਟੜੀ ਤੋਂ ਉਤਰ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਹੜ੍ਹ ਨਾਲ ਕਈ ਸ਼ਹਿਰ ਪ੍ਰਭਾਵਿਤ ਹੋਏ ਹਨ। ਉਸਨੇ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ,“ਪੂਰਾ ਸਪੇਨ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਸਕਦਾ ਹੈ ਜੋ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਹਨ। ਸਾਡੀ ਤਰਜੀਹ ਤੁਹਾਡੀ ਮਦਦ ਕਰਨਾ ਹੈ। ਅਸੀਂ ਸਾਰੇ ਲੋੜੀਂਦੇ ਸਾਧਨਾਂ ਦੀ ਵਰਤੋਂ ਕਰ ਰਹੇ ਹਾਂ ਤਾਂ ਜੋ ਅਸੀਂ ਇਸ ਦੁਖਾਂਤ ਤੋਂ ਉਭਰ ਸਕੀਏ।”
ਪੁਲਸ ਅਤੇ ਬਚਾਅ ਸੇਵਾਵਾਂ ਨੇ ਲੋਕਾਂ ਨੂੰ ਘਰਾਂ ਅਤੇ ਕਾਰਾਂ ਤੋਂ ਬਚਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ। ਸਪੇਨ ਦੀਆਂ ਐਮਰਜੈਂਸੀ ਰਿਸਪਾਂਸ ਟੀਮਾਂ ਦੇ ਕਰਮਚਾਰੀਆਂ ਦੇ ਨਾਲ 1,100 ਸਪੈਨਿਸ਼ ਫੌਜ ਦੇ ਸੈਨਿਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਸੀ। ਸਪੇਨ ਦੀ ਕੇਂਦਰੀ ਸਰਕਾਰ ਨੇ ਬਚਾਅ ਕਾਰਜਾਂ ਵਿੱਚ ਮਦਦ ਲਈ ਇੱਕ ਸੰਕਟ ਕਮੇਟੀ ਦਾ ਗਠਨ ਕੀਤਾ ਹੈ। ਸਪੇਨ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਦੇ ਅਨੁਸਾਰ, ਤੂਫਾਨ ਦਾ ਪ੍ਰਭਾਵ ਦੇਸ਼ ਵਿੱਚ ਵੀਰਵਾਰ ਤੱਕ ਜਾਰੀ ਰਹਿਣ ਦੀ ਉਮੀਦ ਹੈ।
ਬੀ.ਬੀ.ਸੀ ਦੀ ਰਿਪੋਰਟ ਮੁਤਾਬਕ ਇਕ ਸਥਾਨਕ ਵਿਅਕਤੀ ਗੁਲੇਰਮੋ ਸੇਰਾਨੋ ਪੇਰੇਜ਼ ਨੇ ਦੱਸਿਆ ਕਿ ਜਦੋਂ ਪਾਣੀ ਵਧਣ ਲੱਗਾ ਤਾਂ ਇਹ ਲਹਿਰ ਵਾਂਗ ਆਇਆ। ਇਹ ਸੁਨਾਮੀ ਵਰਗਾ ਲੱਗ ਰਿਹਾ ਸੀ। ਮੰਗਲਵਾਰ ਰਾਤ ਨੂੰ ਹਜ਼ਾਰਾਂ ਲੋਕਾਂ ਨੇ ਅਚਾਨਕ ਹੜ੍ਹ ਮਹਿਸੂਸ ਕੀਤਾ। ਰਿਬਾ-ਰੋਸਾ ਡੇ ਟੂਰੀਆ ਸ਼ਹਿਰ ਦੇ ਮੇਅਰ ਨੇ ਕਿਹਾ, ‘ਬਹੁਤ ਜ਼ੋਰਦਾਰ ਮੀਂਹ ਪਿਆ ਅਤੇ ਕੁਝ ਹੀ ਮਿੰਟਾਂ ਵਿੱਚ ਪਾਣੀ ਇੱਕ ਤੋਂ ਡੇਢ ਮੀਟਰ ਤੱਕ ਵੱਧ ਗਿਆ।’ ਇਸ ਖੇਤਰ ਵਿਚ ਹੋਰ ਥਾਵਾਂ ‘ਤੇ, ਹੜ੍ਹ ਦੇ ਪਾਣੀ ਵਿਚ ਵਹਿ ਜਾਣ ਤੋਂ ਬਾਅਦ ਲੋਕਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ।