ਨਵੀਂ ਦਿੱਲੀ, 31 ਅਕਤੂਬਰ 2024 – ਭਾਜਪਾ ਆਗੂ ਬ੍ਰਹਮ ਸਿੰਘ ਤੰਵਰ ਨੇ ਅੱਜ ਯਾਨੀ ਕਿ ਦੀਵਾਲੀ ਵਾਲੇ ਦਿਨ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ। ਦੀਵਾਲੀ ਮੌਕੇ ਉਨ੍ਹਾਂ ਨੇ ਭਾਜਪਾ ਛੱਡ ਕੇ ‘ਆਪ’ ਨਾਲ ਜੁੜਨ ਦਾ ਫ਼ੈਸਲਾ ਕੀਤਾ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਲਈ। ਬ੍ਰਹਮ ਸਿੰਘ ਤੰਵਰ ਤਿੰਨ ਵਾਰ ਵਿਧਾਇਕ ਅਤੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਤੰਵਰ 1993, 1998 ‘ਚ ਮਹਿਰੌਲੀ ਅਤੇ 2013 ‘ਚ ਛਤਰਪੁਰ ਤੋਂ ਭਾਜਪਾ ਦੀ ਟਿਕਟ ‘ਤੇ ਵਿਧਾਇਕ ਰਹਿ ਚੁੱਕੇ ਹਨ। ਬ੍ਰਹਮ ਸਿੰਘ ਤੰਵਰ ਨੂੰ ਇਕ ਮਹਾਨ ਗੁਰਜਰ ਆਗੂ ਵਜੋਂ ਜਾਣਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਛਤਰਪੁਰ ਵਿਧਾਨ ਸਭਾ ਤੋਂ ਬ੍ਰਹਮ ਸਿੰਘ ਤੰਵਰ ਨੂੰ ਟਿਕਟ ਦੇ ਸਕਦੀ ਹੈ।
ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਬ੍ਰਹਮ ਸਿੰਘ ਤੰਵਰ ਨੇ ਕਿਹਾ ਕਿ ਅੱਜ ਮੈਂ ਭਾਜਪਾ ਨਾਲੋਂ ਨਾਤਾ ਤੋੜ ਕੇ ‘ਆਪ’ ਨਾਲ ਕੰਮ ਕਰਨ ਦਾ ਮਨ ਬਣਾ ਚੁੱਕਾ ਹਾਂ। ਅਰਵਿੰਦ ਕੇਜਰੀਵਾਲ ਦੇ ਉਤਸ਼ਾਹ ਅਤੇ ਵਿਕਾਸ ਨੂੰ ਵੇਖਦਿਆਂ ਮੈਂ ਉਨ੍ਹਾਂ ਨਾਲ ਜੁੜ ਗਿਆ ਹਾਂ। ਅਰਵਿੰਦ ਕੇਜਰੀਵਾਲ ਜੀ ਤੁਹਾਡਾ ਧੰਨਵਾਦ ਕਿ ਉਨ੍ਹਾਂ ਨੇ ਆਪਣੇ ਨਾਲ ਜੋੜਿਆ।
ਬ੍ਰਹਮ ਸਿੰਘ ਤੰਵਰ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਲਈ ਅੱਜ ਦਾ ਦਿਨ ਬਹੁਤ ਖੁਸ਼ੀ ਦਾ ਦਿਨ ਹੈ। ਬ੍ਰਹਮ ਸਿੰਘ ਜੀ ਇਕ ਵੱਡਾ ਚਿਹਰਾ ਹਨ। ਉਹ 50 ਸਾਲਾਂ ਤੋਂ ਜਨਤਾ ਦੀ ਸੇਵਾ ਕਰ ਰਹੇ ਹਨ। ਉਹ ਤਿੰਨ ਵਾਰ ਵਿਧਾਇਕ ਰਹੇ ਹਨ। ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਦਾ ਕੰਮ ਦੇਖ ਕੇ ਲੋਕ ਸਾਡੇ ਨਾਲ ਜੁੜ ਰਹੇ ਹਨ। ਬ੍ਰਹਮ ਸਿੰਘ ਤੰਵਰ ਦੇ ਆਉਣ ਨਾਲ ਪਾਰਟੀ ਵੀ ਮਜ਼ਬੂਤ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ 12 ਸਾਲ ਪੁਰਾਣੀ ਹੈ ਪਰ ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ਇਸ ਨੇ ਸਰਕਾਰ ਬਣਾਈ ਹੈ। ਇਸ ਪਾਰਟੀ ‘ਚ ਵੱਡੇ-ਵੱਡੇ ਆਗੂ ਸ਼ਾਮਲ ਹੋ ਰਹੇ ਹਨ। ਇਸ ਦੀ ਵਜ੍ਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਹੈ।