ਉੱਤਰ ਪ੍ਰਦੇਸ਼, 06 ਨਵੰਬਰ 2024: ਮਿੰਨੀ ਟਰੱਕ ਦੀ ਲਪੇਟ ‘ਚ ਆਉਣ ਨਾਲ ਆਟੋ ਰਿਕਸ਼ਾ ‘ਤੇ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਭਿਆਨਕ ਹਾਦਸਾ ਉੱਤਰ ਪ੍ਰਦੇਸ਼ ‘ਚ ਹਰਦੋਈ ਜ਼ਿਲ੍ਹੇ ਦੇ ਬਿਲਗ੍ਰਾਮ ਖੇਤਰ ‘ਚ ਵਾਪਰਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮਾਧਵਗੰਜ ਕਸਬੇ ਤੋਂ ਇਕ ਸੀ.ਐੱਨ.ਜੀ. ਆਟੋ ਬਿਲਗ੍ਰਾਮ ਕਟਰਾ ਬਿਲਹੌਰ ਮਾਰਗ ‘ਤੇ ਬਿਲਗ੍ਰਾਮ ਵੱਲ ਆ ਰਿਹਾ ਸੀ ਕਿ ਰਸਤੇ ‘ਚ ਇਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਆਟੋ ਉਲਟ ਦਿਸ਼ਾ ਤੋਂ ਆ ਰਹੀ ਇਕ ਡੀਸੀਐੱਮ ਨਾਲ ਟਕਰਾ ਕੇ ਪਲਟ ਗਿਆ। ਆਟੋ ਰਿਕਸ਼ਾ ‘ਚ 15 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਕੁਝ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਸਾਰਿਆਂ ਨੂੰ ਬਿਲਗ੍ਰਾਮ ਸਿਹਤ ਕੇਂਦਰ ਭਿਜਵਾਇਆ, ਜਿੱਥੇ ਡਾਕਟਰਾਂ ਨੇ 10 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ‘ਚ 6 ਔਰਤਾਂ, 2 ਬੱਚੇ ਅਤੇ ਇਕ ਪੁਰਸ਼ ਤੇ ਇਕ ਕੁੜੀ ਸ਼ਾਮਲ ਹੈ, ਜਦੋਂ ਕਿ 5 ਲੋਕ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ‘ਚ ਅਜੇ 2 ਔਰਤਾਂ ਦੀ ਪਛਾਣ ਹੋ ਸਕੀ ਹੈ। ਬਾਕੀਆਂ ਦੀ ਪਛਾਣ ਕਰਨ ‘ਚ ਪੁਲਸ ਪ੍ਰਸ਼ਾਸਨ ਜੁਟਿਆ ਹੋਇਆ ਹੈ। ਮ੍ਰਿਤਕ ਨੇੜੇ-ਤੇੜੇ ਦੇ ਖੇਤਰ ਦੇ ਹੀ ਦੱਸੇ ਜਾ ਰਹੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਸੜਕ ਹਾਦਸਾ ਬਿਲਗ੍ਰਾਮ ਕੋਤਵਾਲੀ ਇਲਾਕੇ ਦੇ ਕਟੜਾ ਬਿਲਹੌਰ ਹਾਈਵੇਅ ‘ਤੇ ਹੀਰਾ ਰੋਸ਼ਨਪੁਰ ਪਿੰਡ ਕੋਲ ਕਰੀਬ 12.30 ਵਜੇ ਵਾਪਰਿਆ, ਜਦੋਂ ਮਾਧਵਗੰਜ ਤੋਂ ਸਵਾਰੀ ਬੈਠਾ ਕੇ ਇਕ ਆਟੋ ਬਿਲਗ੍ਰਾਮ ਵੱਲ ਆ ਰਿਹਾ ਸੀ। ਰਸਤੇ ‘ਚ ਹੀਰਾ ਰੋਸ਼ਨਪੁਰ ਪਿੰਡ ਕੋਲ ਇਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਆਟੋ ਸਾਹਮਣੇ ਆ ਰਹੀ ਇਕ ਡੀਸੀਐੱਮ ਨਾਲ ਟਕਰਾ ਕੇ ਪਲਟ ਗਿਆ। ਆਟੋ ‘ਚ 15 ਸਵਾਰੀਆਂ ਸਨ। ਮ੍ਰਿਤਕਾਂ ‘ਚ ਮਾਧੁਰੀ ਅਤੇ ਸੁਨੀਤਾ ਨਾਂ ਦੀਆਂ 2 ਔਰਤਾਂ ਦੀ ਪਛਾਣ ਹੋਈ ਹੈ ਜਦੋਂ ਕਿ ਬਾਕੀ ਦੀ ਪਛਾਣ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ। ਜ਼ਖ਼ਮੀਆਂ ‘ਚ ਰਮੇਸ਼, ਸੰਜੇ, ਵਿਮਲੇਸ਼ ਆਨੰਦ ਅਤੇ ਕਿਸ਼ੋਰ ਸ਼ਾਮਲ ਹੈ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।