- ਕਿਸਾਨਾਂ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਦਿੱਤੀ ਚੇਤਾਵਨੀ
ਚੰਡੀਗੜ੍ਹ, 13 ਨਵੰਬਰ 2024 – ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸੇ ਨਾ ਕਿਸੇ ਮੁੱਦੇ ‘ਤੇ ਕਿਸਾਨਾਂ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਦੋ ਦਿਨ ਪਹਿਲਾਂ ਬਿੱਟੂ ਨੇ ਖਾਦ ਦੀ ਲੁੱਟ ਕਰਨ ਵਾਲੇ ਕਿਸਾਨ ਆਗੂਆਂ ਨੂੰ ਤਾਲਿਬਾਨੀ ਕਿਹਾ ਸੀ। ਬਿੱਟੂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ। ਨੇਤਾ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਕਿੰਨੀ ਜਾਇਦਾਦ ਦੇ ਮਾਲਕ ਸਨ ?
ਇਸ ਬਿਆਨ ਤੋਂ ਬਾਅਦ ਬਿੱਟੂ ਨੇ ਹੁਣ ਐਕਸ ‘ਤੇ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਨੂੰ ਜਨਤਕ ਕੀਤਾ ਹੈ। ਬਿੱਟੂ ਨੇ ਐਕਸ ‘ਤੇ ਲਿਖਿਆ- ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਜਨਤਕ ਤੌਰ ‘ਤੇ ਐਲਾਨ ਕਰਾਂਗਾ। ਇਸ ਸਿਲਸਿਲੇ ‘ਚ ਹੁਣ ਮੈਂ ਇਸਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕਰ ਰਿਹਾ ਹਾਂ।
ਬਿੱਟੂ ਨੇ 2009 ਤੋਂ 2024 ਤੱਕ ਆਪਣੇ ਸਿਆਸੀ ਕਰੀਅਰ ਦੌਰਾਨ ਕਮਾਏ ਜਾਇਦਾਦਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ। ਜਿਸ ਵਿੱਚ ਸਾਫ਼ ਲਿਖਿਆ ਹੈ ਕਿ 2009 ਵਿੱਚ ਬਿੱਟੂ ਕੋਲ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ। ਉਸ ਕੋਲ ਬੈਂਕ ਵਿਚ 3 ਲੱਖ 443 ਰੁਪਏ ਸਨ ਅਤੇ ਉਸ ਕੋਲ ਮਾਰੂਤੀ ਅਸਟੀਮ ਕਾਰ ਸੀ। ਗਹਿਣਿਆਂ ਵਿੱਚੋਂ ਬਿੱਟੂ ਕੋਲ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਇਸੇ ਤਰ੍ਹਾਂ 2014 ਵਿੱਚ ਬਿੱਟੂ ਕੋਲ 3 ਲੱਖ 30 ਹਜ਼ਾਰ ਰੁਪਏ ਨਕਦ ਅਤੇ ਬੈਂਕ ਵਿੱਚ 7 ਲੱਖ 43 ਹਜ਼ਾਰ 779 ਰੁਪਏ ਸਨ।
2019 ਵਿੱਚ ਬਿੱਟੂ ਕੋਲ 3 ਲੱਖ 10 ਹਜ਼ਾਰ ਰੁਪਏ ਨਕਦ ਅਤੇ 3 ਲੱਖ 42 ਹਜ਼ਾਰ 692 ਰੁਪਏ ਬੈਂਕ ਵਿੱਚ ਜਮ੍ਹਾਂ ਸਨ। ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਹੁਣ 2024 ਵਿੱਚ ਬਿੱਟੂ ਕੋਲ 3 ਲੱਖ 39 ਹਜ਼ਾਰ ਰੁਪਏ ਨਕਦ ਅਤੇ 10 ਲੱਖ 96 ਹਜ਼ਾਰ 405 ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹਨ। ਉਸ ਕੋਲ ਮਾਰੂਤੀ ਅਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਹੈ। ਇਸੇ ਤਰ੍ਹਾਂ ਬਿੱਟੂ ਨੇ ਆਪਣੀਆਂ ਹੋਰ ਜ਼ਮੀਨਾਂ ਅਤੇ ਕਰਜ਼ਿਆਂ ਸਬੰਧੀ ਵੀ ਜਾਣਕਾਰੀ ਜਨਤਕ ਕੀਤੀ ਹੈ।
2009 ਤੋਂ 2024 ਤੱਕ ਕੇਂਦਰੀ ਮੰਤਰੀ ਬਿੱਟੂ ਦੀ ਨਗਦੀ ਵਿੱਚ 1 ਲੱਖ 69 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਜੇਕਰ ਬੈਂਕ ਖਾਤੇ ਦੀ ਗੱਲ ਕਰੀਏ ਤਾਂ 2009 ਤੋਂ 2024 ਤੱਕ ਉਸ ਦੇ ਖਾਤੇ ‘ਚ 7 ਲੱਖ 95 ਹਜ਼ਾਰ 962 ਰੁਪਏ ਜਮ੍ਹਾ ਹੋਏ ਹਨ।