ਮਾਘੀ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ

  • ਖੇਤੀ ਨੂੰ ਲਾਹੇਵੰਦ ਬਣਾਉਣ ਲਈ ਗੁਰੂ ਸਾਹਿਬਾਨ ਦੇ ਕੁਦਰਤੀ ਖੇਤੀ ਦੇ ਫਸਲਫੇ ’ਤੇ ਅਮਲ ਕਰਨ ਦੀ ਲੋੜ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ 14 ਜਨਵਰੀ 2021 – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅੱਜ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਿੰਡ ਦੀ ਪਰਿਕਰਮਾ ਕਰਕੇ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿੰਮੂਵਾਲ ਅਤੇ ਮਾਲੂਪੁਰ ਹੁੰਦਾ ਹੋਇਆ ਮੁੜ ਨਿਰਮਲ ਕੁਟੀਆ ਵਿਖੇ ਪਹੁੰਚ ਕੇ ਸਮਾਪਤ ਹੋਇਆ। ਵੱਖ-ਵੱਖ ਪਿੰਡਾਂ ਵਿੱਚ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵੱਖ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਨਗਰ ਨਿਵਾਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਂਟ ਕੀਤੇ ਅਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਨਗਰ ਕੀਰਤਨ ਦੌਰਾਨ ਵਾਤਾਵਰਣ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਸੰਗਤਾਂ ਨੂੰ ਮਾਘੀ ਦੇ ਇਤਿਹਾਸਕ ਪਿਛੋੜਕ ਬਾਰੇ ਦੱਸਿਆ, ਉਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਕੁਦਰਤੀ ਖੇਤੀ ਦੇ ਫਸਲਫੇ ’ਤੇ ਅਮਲ ਕਰਨ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੇ ਕਿਸਾਨ ਫਸਲਾਂ ਦਾ ਘੱਟੋ-ਘੱਟ ਸਮੱਰਥਨ ਮੁੱਲ ਲੈਣ ਲੜਾਈ ਲੜ ਰਹੇ ਹਨ ਅਤੇ ਇਸੇ ਇੰਤਜ਼ਾਰ ਵਿੱਚ ਹੀ ਕਈ ਪੀੜ੍ਹੀਆਂ ਬੀਤ ਗਈਆਂ ਹਨ ਕਿ ਕਦੋਂ ਸਾਡੀ ਖੇਤੀ ਅਤੇ ਇਸ ਤੋਂ ਉਪਜੇ ਪਦਾਰਥਾਂ ਦੀ ਲਾਹੇਵੰਦ ਕੀਮਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜ਼ਹਿਰਾਂ ਪਾ ਕੇ ਅਸੀਂ ਫਸਲਾਂ ਦਾ ਜ਼ਾਇਜ ਮੁੱਲ ਨਹੀਂ ਪ੍ਰਾਪਤ ਕਰ ਸਕਦੇ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਗੁਰੂ ਸਾਹਿਬਾਨ ਦੇ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਵਾਲੇ ਸਾਰੇ ਉਪਦੇਸ਼ ਵਿਸਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰ ਪੁਰ ਸਾਹਿਬ ਵਿਖੇ ਖੇਤੀ ਕੀਤੀ ਅਤੇ ਲੋਕਾਂ ਨੂੰ ਕੁਦਰਤੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਕੁਦਰਤੀ ਖੇਤੀ ਦੇ ਫਲਸਫੇ ’ਤੇ ਚੱਲ ਖੇਤੀ ਇਸ ਨਾਲ ਜੁੜੇ ਹੋਏ ਪਦਾਰਥਾਂ ਦੇ ਲਾਹੇਵੰਦ ਭਾਅ ਲੈਣ ਵੱਲ ਤਵੱਜੋਂ ਦੇਣ। ਇਸ ਤੋਂ ਪਹਿਲਾਂ ਨਿਰਮਲ ਕੁਟੀਆ ਵਿਖੇ ਧਾਰਮਿਕ ਦਿਵਾਨ ਸਜਾਇਆ ਗਿਆ ਜਿਸ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਵੱਖ-ਵੱਖ ਕੀਰਤਨੀ ਅਤੇ ਰਾਗੀ ਜੱਥਿਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਹਰ ਫਰੰਟ ਉੱਤੇ ਹੋਏ ਫ਼ੇਲ੍ਹ – ਭਗਵੰਤ ਮਾਨ

ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਛੇ ਜ਼ਿਲਿਆਂ ’ਚ 11 ਨਹਿਰੀ ਪਾਣੀ ਆਧਾਰਤ ਪ੍ਰਾਜੈਕਟਾਂ ’ਤੇ ਕੰਮ ਜਾਰੀ – ਰਜ਼ੀਆ ਸੁਲਤਾਨਾ