ਨਵੀਂ ਦਿੱਲੀ, 15 ਨਵੰਬਰ 2024 – ਭਾਰਤ ਸਰਕਾਰ ਨੇ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੈਨੇਡਾ ਤੋਂ ਵਾਪਸ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਏਜੰਸੀ ਕੈਨੇਡਾ ਤੋਂ ਡੱਲਾ ਦੀ ਹਵਾਲਗੀ ਦੀ ਮੰਗ ਕਰੇਗੀ। ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੈਨੇਡਾ ਅਰਸ਼ ਡੱਲਾ ਨੂੰ ਭਾਰਤ ਨੂੰ ਸੌਂਪ ਦੇਵੇਗਾ।
ਡੱਲਾ ਇਸ ਸਮੇਂ ਕੈਨੇਡੀਅਨ ਪੁਲਿਸ ਦੀ ਹਿਰਾਸਤ ਵਿੱਚ ਹੈ। ਅਰਸ਼ ਡੱਲਾ ਨੂੰ 28 ਅਕਤੂਬਰ ਨੂੰ ਕੈਨੇਡਾ ਦੇ ਮਿਲਟਨ ‘ਚ ਗੋਲੀਬਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਬਾਅਦ ਵਿੱਚ ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਅਰਸ਼ ਡੱਲਾ ਹੈ। ਇਹ ਕੇਸ ਕੈਨੇਡਾ ਦੀ ਓਨਟਾਰੀਓ ਅਦਾਲਤ ਵਿੱਚ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਡੱਲਾ ਖ਼ਿਲਾਫ਼ ਭਾਰਤ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਉਹ ਕੈਨੇਡਾ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ।
ਭਾਰਤ ਨੇ 2023 ਵਿੱਚ ਕੈਨੇਡਾ ਤੋਂ ਡੱਲਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਪਰ ਕੈਨੇਡੀਅਨ ਸਰਕਾਰ ਨੇ ਉਸ ਸਮੇਂ ਇਸ ਮੰਗ ਨੂੰ ਠੁਕਰਾ ਦਿੱਤਾ ਸੀ। ਇਸ ਦੌਰਾਨ, ਜਨਵਰੀ 2023 ਵਿੱਚ, ਭਾਰਤ ਨੇ ਡੱਲਾ ਦੇ ਸ਼ੱਕੀ ਪਤੇ, ਭਾਰਤ ਵਿੱਚ ਉਸਦੇ ਲੈਣ-ਦੇਣ, ਉਸਦੀ ਜਾਇਦਾਦ ਅਤੇ ਮੋਬਾਈਲ ਨੰਬਰਾਂ ਬਾਰੇ ਕੈਨੇਡਾ ਨੂੰ ਸੂਚਿਤ ਕੀਤਾ ਸੀ।
ਭਾਰਤ ਨੇ ਕੈਨੇਡਾ ਨੂੰ ਐਮਐਲਏਟੀ ਸੰਧੀ (ਮਿਊਚਲ ਲੀਗਲ ਅਸਿਸਟੈਂਸ ਟਰੀਟੀ) ਤਹਿਤ ਇਸ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਕਿਹਾ ਸੀ। ਦਸੰਬਰ 2023 ਵਿੱਚ, ਕੈਨੇਡੀਅਨ ਨਿਆਂ ਵਿਭਾਗ ਨੇ ਇਸ ਮਾਮਲੇ ‘ਤੇ ਭਾਰਤ ਤੋਂ ਵਾਧੂ ਜਾਣਕਾਰੀ ਮੰਗੀ ਸੀ। ਭਾਰਤ ਨੇ ਮਾਰਚ ਵਿੱਚ ਇਸ ਦਾ ਜਵਾਬ ਦਿੱਤਾ ਸੀ।
ਅਰਸ਼ ਡੱਲਾ, ਹਰਦੀਪ ਸਿੰਘ ਨਿੱਝਰ ਦਾ ਕਰੀਬੀ ਹੈ ਅਤੇ ਉਸ ਦੇ ਖਿਲਾਫ ਭਾਰਤ ‘ਚ 50 ਤੋਂ ਵੱਧ ਕੇਸ ਚੱਲ ਰਹੇ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅੱਤਵਾਦੀ ਗਤੀਵਿਧੀਆਂ ਅਤੇ ਦਹਿਸ਼ਤੀ ਫੰਡਿੰਗ ਸ਼ਾਮਲ ਹਨ। ਮਈ 2022 ਵਿੱਚ, ਭਾਰਤ ਸਰਕਾਰ ਨੇ ਅਰਸ਼ ਡੱਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਸਾਲ 2023 ‘ਚ ਉਸ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਸੀ। ਗ੍ਰਿਫਤਾਰੀ ਤੋਂ ਬਚਣ ਲਈ ਅਰਸ਼ ਪੰਜਾਬ ਤੋਂ ਕੈਨੇਡਾ ਭੱਜ ਗਿਆ ਅਤੇ ਉਥੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗਾ। ਭਾਰਤੀ ਏਜੰਸੀਆਂ ਲੰਬੇ ਸਮੇਂ ਤੋਂ ਡੱਲਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।