ਯੂਥ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੰਜਾਬ ਭਰ ਵਿੱਚ ਦਸਤਾਰ ਕੈਂਪ ਲਗਾਕੇ ਮਨਾਇਆ ਗਿਆ

  • ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ‘ਤੇ ਚੱਲਦਿਆਂ ਪੰਜਾਬ ‘ਚ 25 ਵੱਖ-ਵੱਖ ਥਾਵਾਂ ‘ਤੇ ‘ਦਸਤਾਰਾਂ ਦੇ ਲੰਗਰ’ ਲਗਾਏ : ਸਰਬਜੀਤ ਸਿੰਘ ਝਿੰਜਰ
  • 10,000 ਦੇ ਕਰੀਬ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਇੱਥੋਂ ਤੱਕ ਕਿ ਵਿਦੇਸ਼ੀ ਸ਼ਰਧਾਲੂਆਂ ਨੂੰ ਵੀ ਬੰਨ੍ਹੀਆਂ ਪੱਗਾਂ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 15 ਨਵੰਬਰ 2024 – ਪ੍ਰਧਾਨ ਸਰਬਜੀਤ ਸਿੰਘ ਝਿੰਝਰ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਆਪਣੀ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਤਹਿਤ ਪੰਜਾਬ ਭਰ ‘ਚ 20 ਤੋਂ ਵੱਧ ਥਾਵਾਂ ਉੱਤੇ ‘ਦਸਤਾਰਾਂ ਦੇ ਲੰਗਰ’ (ਮੁਫ਼ਤ ਦਸਤਾਰ ਬੰਨ੍ਹਣ ਦੇ ਕੈਂਪ) ਲਗਾ ਕੇ ਮਨਾਇਆ।

ਇਤਿਹਾਸਕ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਦਸਤਾਰ ਕੈਂਪ ਵਿਚ ਸ਼ਿਰਕਤ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ, “ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਇਤਿਹਾਸਕ ਅਸਥਾਨ ‘ਤੇ ਨਤਮਸਤਕ ਹੋ ਸਕਿਆ। ਅੱਜ ਜਦੋਂ ਪੂਰਾ ਦੇਸ਼ ਅਤੇ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਇਸ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਹਨ, ਤਾਂ ਉਥੇ ਹੀ ਗੁਰੂ ਸਾਹਿਬ ਨੇ ਆਪ ਸਾਡੇ ਤੋਂ ਪੰਜਾਬ ਭਰ ਵਿੱਚ ‘ਦਸਤਾਰਾਂ ਦੇ ਲੰਗਰ’ ਦਾ ਆਯੋਜਨ ਕਰਨ ਦੀ ਸੇਵਾ ਲਈ ਹੈ।”

ਉਹਨਾਂ ਅੱਗੇ ਦੱਸਿਆ, “ਮੇਰੀ ਦਸਤਾਰ ਮੇਰੀ ਸ਼ਾਨ” ਸਾਡੇ ਨੌਜਵਾਨਾਂ ਨੂੰ ਸਿੱਖੀ ਅਤੇ ਸਾਡੀਆਂ ਸਿੱਖੀ ਕਦਰਾਂ-ਕੀਮਤਾਂ ਵੱਲ ਵਾਪਸ ਲਿਆਉਣ ਲਈ ਸਾਡੀ ਪ੍ਰਮੁੱਖ ਪਹਿਲਕਦਮੀ ਹੈ। ਦਸਤਾਰ ਸਾਡੇ ਗੁਰੂ ਸਾਹਿਬ ਦੁਆਰਾ ਸਾਨੂੰ ਦਿੱਤਾ ਗਿਆ ਮਾਣ ਅਤੇ ਪਛਾਣ ਹੈ ਅਤੇ ਸਾਨੂੰ ਇਸ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਦੀ ਲੋੜ ਹੈ। ਮੈਂ, ਯੂਥ ਅਕਾਲੀ ਦਲ ਦੀ ਆਪਣੀ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਟੀਮ ਦੇ ਨਾਲ, ਪਿਛਲੇ ਡੇਢ ਸਾਲਾਂ ਤੋਂ ਇਸ ਮੁਹਿੰਮ ਨੂੰ ਚਲਾ ਰਿਹਾ ਹਾਂ ਅਤੇ ਸਾਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਇਹ ਪਹਿਲੀ ਪਹਿਲ ਹੈ ਜਿੱਥੇ ਸਾਡੀਆਂ ਟੀਮਾਂ ਰਾਜਨੀਤਿਕ ਰੈਲੀਆਂ, ਖੇਡ ਸਮਾਗਮਾਂ, ਅਤੇ ਇਹਨਾਂ ਇਤਿਹਾਸਕ-ਧਾਰਮਿਕ ਸਮਾਗਮਾਂ ਵਿੱਚ ਆਉਣ ਵਾਲੇ ਲੋਕਾਂ ਲਈ ਮੁਫ਼ਤ ਦਸਤਾਰਾਂ ਦੇ ਕੈਂਪ ਲਗਾਉਂਦੇ ਹਾਂ।”

YAD ਪ੍ਰਧਾਨ ਝਿੰਜਰ ਨੇ ਅੱਗੇ ਕਿਹਾ, “ਅੱਜ ਵੀ ਸਾਨੂੰ ਪੂਰੇ ਪੰਜਾਬ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ, ਸਾਰੇ ਕੈਂਪਾਂ ਵਿੱਚ 10,000 ਤੋਂ ਵੱਧ ਦਸਤਾਰਾਂ ਬੰਨ੍ਹੀਆਂ ਗਈਆਂ ਹਨ। ਇੱਥੇ ਸੁਲਤਾਨਪੁਰ ਲੋਧੀ ਵਿੱਚ, ਲੋਕ ਸਾਡੇ ਕੈਂਪ ਵਿੱਚ ਖੁਦ ਆਏ ਅਤੇ ਸਾਨੂੰ ਉਨ੍ਹਾਂ ਦੇ ਪੱਗਾਂ ਬੰਨ੍ਹਣ ਲਈ ਕਿਹਾ। ਬਹੁਤ ਸਾਰੇ ਨੌਜਵਾਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਹੁਣ ਨਿਯਮਿਤ ਤੌਰ ‘ਤੇ ਪੱਗਾਂ ਬੰਨ੍ਹਣਾ ਸ਼ੁਰੂ ਕਰ ਦੇਣਗੇ, ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਦੀ ਪਾਲਣਾ ਕਰਨਗੇ। ਅੰਮ੍ਰਿਤਸਰ ਸਾਹਿਬ ਵਿੱਚ ਵੀ, ਸਾਡੀ ਟੀਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਜਿੱਥੇ ਕਿ ਵਿਦੇਸ਼ੀਆਂ ਨੇ ਵੀ ਕੈਂਪ ਵਿੱਚ ਪਹੁੰਚ ਕੇ ਦਸਤਾਰਾਂ ਬੰਨ੍ਹਣ ਦੀ ਬੇਨਤੀ ਕੀਤੀ। ਸਾਡੇ ਸੱਭਿਆਚਾਰ ਨੂੰ ਦੁਨੀਆ ਨਾਲ ਸਾਂਝਾ ਕਰਦਿਆਂ ਬਹੁਤ ਖੁਸ਼ੀ ਹੁੰਦੀ ਹੈ।”

ਝਿੰਝਰ ਨੇ ਖਾਸ ਤੌਰ ‘ਤੇ ਇਸ ਪਵਿੱਤਰ ਦਿਹਾੜੇ ‘ਤੇ ਸਿੱਖ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਪਣੀ ਸੱਭਿਆਚਾਰਕ ਪਛਾਣ ਨੂੰ ਅੱਗੇ ਵਧਾਉਣ ਲਈ ਨੌਜਵਾਨ ਵਰਕਰਾਂ ਦੇ ਉਤਸ਼ਾਹ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਯੂਥ ਅਕਾਲੀ ਦਲ ਲਗਾਤਾਰ ਪੰਜਾਬ ਭਰ ਵਿੱਚ ਅਜਿਹੇ ਦਸਤਾਰ ਸਜਾਉਣ ਦੇ ਕੈਂਪ ਲਗਾ ਕੇ ਸਿੱਖ ਪਛਾਣ ਅਤੇ ਸਮਾਜ ਸੇਵਾ ਨੂੰ ਪ੍ਰਫੁੱਲਤ ਕਰਦਾ ਆ ਰਿਹਾ ਹੈ।

ਇਨ੍ਹਾਂ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਰਬਜੀਤ ਝਿੰਜਰ ਨੇ ਦੱਸਿਆ ਕਿ, “ਕੁੱਲ ਮਿਲਾ ਕੇ ਪੰਜਾਬ ਵਿਚ 24 ਅਤੇ ਹਰਿਆਣਾ ਵਿਚ ਇਕ ਕੈਂਪ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ – ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਦਮਦਮਾ ਸਾਹਿਬ, ਪਠਾਨਕੋਟ, ਤਰਨਤਾਰਨ, ਸ੍ਰੀ. ਦੁਖਨਿਵਾਰਨ ਸਾਹਿਬ ਜਲੰਧਰ, ਨਵਾਂਸ਼ਹਿਰ, ਮੋਹਾਲੀ, ਰੂਪਨਗਰ, ਰੋਪੜ, ਸ੍ਰੀ ਮੁਕਤਸਰ ਸਾਹਿਬ, ਫਤਹਿਗੜ੍ਹ ਸਾਹਿਬ, ਖੰਨਾ, ਪਟਿਆਲਾ, ਭਵਾਨੀਗੜ੍ਹ, ਬਰਨਾਲਾ, ਮਾਨਸਾ, ਅਬੋਹਰ, ਫਿਰੋਜ਼ਪੁਰ, ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਅਤੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਪੰਚਕੂਲਾ ਵਿਖੇ ਇਹ ਕੈਂਪ ਲਗਾਏ ਗਏ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਨੂੰ ਦਸਤਾਰਾਂ ਬੰਨ੍ਹੀਆਂ ਗਈਆਂ।”

ਯੂਥ ਅਕਾਲੀ ਦਲ ਦੇ ਪ੍ਰਧਾਨ ਝਿੰਜਰ ਦੇ ਨਾਲ ਕਪੂਰਥਲਾ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ, ਹਰਕ੍ਰਿਸ਼ਨ ਸਿੰਘ ਵਾਲੀਆ ਹਲਕਾ ਇੰਚਾਰਜ, ਕੁਲਦੀਪ ਸਿੰਘ ਟਾਂਡੀ ਮੈਂਬਰ ਕੋਰ ਕਮੇਟੀ, ਸੀਨੀਅਰ ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ ਕੁਲਾਰ ਅਤੇ ਸਮੁੱਚੀ ਜਿਲ੍ਹਾ ਯੂਥ ਅਕਾਲੀ ਦਲ ਟੀਮ ਹਾਜਰ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਸਟ੍ਰੇਲੀਆ ਦੇ ਸ਼ਰਧਾਲੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਸ਼੍ਰੋਮਣੀ ਕਮੇਟੀ ਨੂੰ ਕੀਤੀ ਭੇਟ