ਮੋਹਾਲੀ, 17 ਨਵੰਬਰ 2024 – ਮੋਹਾਲੀ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਪੁਲਿਸ ਨੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਇੱਕ ਅਪਰਾਧੀ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਦਮਾਸ਼ ਕੋਲੋਂ ਹਥਿਆਰ ਬਰਾਮਦ ਹੋਏ ਹਨ। ਇਹ ਵੱਡੀ ਕਾਰਵਾਈ ਪਿੰਡ ਲੇਹਲੀ ਨੇੜੇ ਹੋਈ। ਫੜੇ ਗਏ ਅਪਰਾਧੀ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀ ਵਜੋਂ ਹੋਈ ਹੈ, ਜੋ ਹਾਈਵੇ ਲੁਟੇਰਿਆਂ ਦੇ ਗਰੋਹ ਦਾ ਸਰਗਨਾ ਹੈ।
ਡੀਜੀਪੀ ਪੰਜਾਬ ਨੇ ਦੱਸਿਆ ਕਿ ਪਿੰਡ ਲੇਹਲੀ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਸਤਪ੍ਰੀਤ ਸਿੰਘ ਨੇ ਪੁਲਿਸ ਨੂੰ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਸਤਪ੍ਰੀਤ ਸਿੰਘ ਨੂੰ ਲੱਗੀ ਅਤੇ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਰਹੀ। ਇਹ ਗਰੋਹ ਖਾਸ ਤੌਰ ‘ਤੇ ਅੰਬਾਲਾ-ਡੇਰਾਬੱਸੀ ਹਾਈਵੇ ‘ਤੇ ਸਰਗਰਮ ਸੀ ਅਤੇ ਪੰਜਾਬ ਅਤੇ ਹਰਿਆਣਾ ‘ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਇਸ ਗਰੋਹ ਨੇ 3 ਅਤੇ 10 ਨਵੰਬਰ ਦੀ ਰਾਤ ਨੂੰ ਹਾਈਵੇਅ ‘ਤੇ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਵਾਰਦਾਤਾਂ ‘ਚ ਬੰਦੂਕ ਦੀ ਨੋਕ ‘ਤੇ ਨਕਦੀ, ਮੋਬਾਈਲ ਫ਼ੋਨ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ | ਇਸ ਗਰੋਹ ਦੀਆਂ ਗਤੀਵਿਧੀਆਂ ਕਾਫੀ ਸਮੇਂ ਤੋਂ ਪੁਲਿਸ ਦੇ ਰਡਾਰ ‘ਤੇ ਸਨ। ਗ੍ਰਿਫ਼ਤਾਰੀ ਦੌਰਾਨ ਪੁਲੀਸ ਨੇ ਸਤਪ੍ਰੀਤ ਸਿੰਘ ਕੋਲੋਂ ਇੱਕ 32 ਕੈਲੀਬਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਤਪ੍ਰੀਤ ਸਿੰਘ ਨੇ ਇਸ ਹਥਿਆਰ ਦੀ ਵਰਤੋਂ ਲੁੱਟਾਂ-ਖੋਹਾਂ ਕਰਨ ਲਈ ਕੀਤੀ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ ‘ਤੇ ਸਵਾਰੀਆਂ ‘ਚ ਸੁਰੱਖਿਆ ਦਾ ਮਾਹੌਲ ਬਣੇਗਾ।
ਮੋਹਾਲੀ ਪੁਲਿਸ ਅਨੁਸਾਰ ਇਹ ਗ੍ਰਿਫਤਾਰੀ ਇੱਕ ਵੱਡੀ ਸਫਲਤਾ ਹੈ ਅਤੇ ਹਾਈਵੇਅ ‘ਤੇ ਲੋਕਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ।