ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ

  • ਸਾਲਾਨਾ 200 ਨੌਜਵਾਨਾਂ ਨੂੰ ਹੈਲਥ ਸਕਿੱਲ ਡਿਵੈੱਲਪਮੈਂਟ ਕੋਰਸਾਂ ਵਿੱਚ ਦਿੱਤੀ ਜਾਵੇਗੀ ਸਿਖਲਾਈ: ਅਮਨ ਅਰੋੜਾ
  • ਹੈਲਥ ਸਕਿੱਲ ਡਿਵੈੱਲਪਮੈਂਟ ਸੈਂਟਰ, ਫਰੀਦਕੋਟ ਵਿਖੇ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ

ਚੰਡੀਗੜ੍ਹ, 20 ਨਵੰਬਰ 2024 – ਸਿਹਤ ਸੰਭਾਲ ਖੇਤਰ ਵਿੱਚ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਕੇ ਸੂਬੇ ਦੀ ਸਿਹਤ ਸੰਭਾਲ ਸਮਰੱਥਾ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਸਾਲਾਨਾ ਘੱਟੋ-ਘੱਟ 200 ਉਮੀਦਵਾਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐਚ.ਐਸ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤੋਂ ਇਲਾਵਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸਹਿਯੋਗ ਨਾਲ ਫ਼ਰੀਦਕੋਟ ਵਿਖੇ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਇੱਕ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਿਤ ਕੀਤਾ ਜਾਵੇਗਾ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਪੀ.ਐਸ.ਡੀ.ਐਮ. ਦੀ ਮਿਸ਼ਨ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਅਤੇ ਬੀ.ਐਫ.ਯੂ.ਐਚ.ਐਸ. ਦੇ ਉਪ ਕੁਲਪਤੀ ਡਾ. ਰਾਜੀਵ ਸੂਦ ਨੇ ਹਸਤਾਖ਼ਰ ਕੀਤੇ।

ਇਸ ਸਮਝੌਤੇ ਲਈ ਦੋਨਾਂ ਧਿਰਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਹੋਮ ਹੈਲਥ ਏਡ, ਓਪਰੇਟਿੰਗ ਥੀਏਟਰ ਟੈਕਨੀਸ਼ੀਅਨ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਅਸਿਸਟੈਂਟ, ਡੈਂਟਲ ਅਸਿਸਟੈਂਟ, ਪਲਾਸਟਰ ਤਕਨੀਕਾਂ, ਆਰਥੋਪੈਡਿਕ ਟੈਕਨੀਸ਼ੀਅਨ, ਸੀ.ਟੀ. ਅਤੇ ਐਮ.ਆਰ.ਆਈ. ਵਿੱਚ ਹੁਨਰ ਵਿਕਾਸ ਸਿਖਲਾਈ ਸਰਟੀਫਿਕੇਟ ਕੋਰਸ ਕਰਾਏ ਜਾਣਗੇ।

ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਲੋੜੀਂਦੇ ਹੁਨਰ ਨਾਲ ਲੈਸ ਕਰਨ ਦੀ ਦਿਸ਼ਾ ਵੱਲ ਇਹ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਤਨਖਾਹ ਵਾਲੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਸਨਮਾਨਜਨਕ ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਰੋਜ਼ਗਾਰ ਪੈਦਾ ਕਰਨ ਲਈ ਉੱਦਮਾਂ ਦੀ ਪੜਚੋਲ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਮਿਸ਼ਨ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਕਿਹਾ ਕਿ ਪੀ.ਐਸ.ਡੀ.ਐਮ. ਵੱਲੋਂ ਫੰਡਿੰਗ, ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੀ ਲਾਮਬੰਦੀ ਵਿੱਚ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਨਿਗਰਾਨੀ ਕੀਤੀ ਜਾਵੇਗੀ। ਬੀ.ਐਫ.ਯੂ.ਐਚ.ਐਸ. ਵੱਲੋਂ ਸੈਂਟਰ ਆਫ਼ ਐਕਸੀਲੈਂਸ ਦੇ ਪ੍ਰਬੰਧਨ ਦੇ ਨਾਲ ਨਾਲ ਉਮੀਦਵਾਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਪਲੇਸਮੈਂਟ ਦੀ ਸਹੂਲਤ ਦਿੱਤੀ ਜਾਵੇਗੀ। ਇਹ ਭਾਈਵਾਲੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਸਿਹਤ ਸੰਭਾਲ ਖੇਤਰ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਪੀ.ਐਸ.ਡੀ.ਐਮ. ਅਤੇ ਬੀ.ਐਫ.ਯੂ.ਐਚ.ਐਸ. ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਕੀਤਾ ਉਦਘਾਟਨ

ਔਰਤਾਂ ਦੇ ਨਸ਼ੇ ਕਰਨ ਤੇ ਨਸ਼ਿਆਂ ਦੀ ਤਸਕਰੀ ‘ਚ ਵੱਧ ਰਹੇ ਮਾਮਲੇ ਚਿੰਤਾਜਨਕ – ਰਾਜ ਲਾਲੀ ਗਿੱਲ