ਚੰਡੀਗੜ੍ਹ, 23 ਨਵੰਬਰ 2024 – ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਉਸ ਤੋਂ ਬਾਅਦ ਹੁਣ ਈਵੀਐਮ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਹੁਣ ਤੱਕ ਸ਼ੁਰੂਆਤੀ ਰੁਝਾਨਾਂ ‘ਚ ਚਾਰੇ ਸੀਟਾਂ ‘ਤੇ ‘ਆਪ’ ਉਮੀਦਵਾਰ ਅੱਗੇ ਚੱਲ ਰਹੀ ਸੀ। ਪਰ ਹੁਣ ਦੋ ‘ਤੇ ਅੱਗੇ ਚੱਲ ਰਹੀ ਹੈ ਜਦੋਂ ਕਿ 2 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
ਗਿੱਦੜਬਾਹਾ ਵਿੱਚ 3 ਰਾਊਂਡ ਹੋ ਚੁੱਕੇ ਹਨ। ਇੱਥੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ 2137 ਵੋਟਾਂ ਦੀ ਲੀਡ ਹੈ।
ਡੇਰਾ ਬਾਬਾ ਨਾਨਕ ਵਿੱਚ 5 ਗੇੜੇ ਲੱਗ ਚੁੱਕੇ ਹਨ। ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਨੂੰ 1295 ਵੋਟਾਂ ਦੀ ਲੀਡ ਹੈ।
ਚੱਬੇਵਾਲ ਵਿੱਚ 5 ਗੇੜ ਪੂਰੇ ਹੋ ਚੁੱਕੇ ਹਨ। ‘ਆਪ’ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 8508 ਵੋਟਾਂ ਦੀ ਲੀਡ ਹੈ।
ਬਰਨਾਲਾ ਵਿੱਚ 6 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ।
ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇੱਕ ਸੰਸਦ ਮੈਂਬਰ ਦੇ ਪੁੱਤਰ ‘ਤੇ ਟਿਕੀਆਂ ਹੋਈਆਂ ਹਨ।
ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਚੱਬੇਵਾਲ ਵਿੱਚ 53.43 ਫੀਸਦੀ ਰਿਹਾ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।