- ਹੰਗਾਮੇ ਤੋਂ ਬਾਅਦ ਲੋਕ ਸਭਾ-ਰਾਜ ਸਭਾ ਮੁਲਤਵੀ
ਨਵੀਂ ਦਿੱਲੀ, 28 ਨਵੰਬਰ 2024 – ਵੀਰਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਤੀਜਾ ਦਿਨ ਹੈ। ਪ੍ਰਿਅੰਕਾ ਗਾਂਧੀ ਪਹਿਲੀ ਵਾਰ ਸੰਸਦ ਪਹੁੰਚੀ ਹੈ। ਉਨ੍ਹਾਂ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਸਹੁੰ ਚੁੱਕੀ।
ਪ੍ਰਿਅੰਕਾ ਦੇ ਨਾਲ ਉਨ੍ਹਾਂ ਦੀ ਮਾਂ ਸੋਨੀਆ ਅਤੇ ਰਾਹੁਲ ਗਾਂਧੀ ਵੀ ਸੰਸਦ ਪਹੁੰਚੇ। ਪ੍ਰਿਅੰਕਾ ਨੇ ਵਾਇਨਾਡ ਸੀਟ ਤੋਂ ਉਪ ਚੋਣ ਜਿੱਤੀ ਹੈ। ਪ੍ਰਿਅੰਕਾ ਦੇ ਨਾਲ ਨਾਂਦੇੜ ਤੋਂ ਉਪ ਚੋਣ ਜਿੱਤਣ ਵਾਲੇ ਰਵਿੰਦਰ ਚਵਾਨ ਨੇ ਵੀ ਸਹੁੰ ਚੁੱਕੀ।
ਕੇਰਲ ਦੀ ਵਾਇਨਾਡ ਲੋਕ ਸਭਾ ਉਪ ਚੋਣ ਵਿੱਚ ਪ੍ਰਿਅੰਕਾ ਗਾਂਧੀ ਦੀ ਜਿੱਤ ਤੋਂ ਬਾਅਦ ਕਾਂਗਰਸ ਦੇ ਇੱਕ ਵਾਰ ਫਿਰ ਲੋਕ ਸਭਾ ਵਿੱਚ 99 ਸੰਸਦ ਮੈਂਬਰ ਹੋ ਗਏ ਹਨ। ਵਾਇਨਾਡ ਸੀਟ ਰਾਹੁਲ ਗਾਂਧੀ ਨੇ ਖਾਲੀ ਕੀਤੀ ਸੀ, ਜਦਕਿ ਨਾਂਦੇੜ ਸੀਟ ਕਾਂਗਰਸ ਸੰਸਦ ਮੈਂਬਰ ਬਸੰਤਰਾਓ ਚਵਾਨ ਦੀ ਮੌਤ ਕਾਰਨ ਖਾਲੀ ਹੋਈ ਸੀ। ਹਾਲ ਹੀ ‘ਚ ਜ਼ਿਮਨੀ ਚੋਣਾਂ ਹੋਈਆਂ ਹਨ ਅਤੇ ਦੋਵੇਂ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਹਨ।
ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਪਾਰਟੀ ਨਾਲ ਜੁੜੇ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ ਇਕੱਠੇ ਸੰਸਦ ਮੈਂਬਰ ਹੋਣਗੇ। ਰਾਹੁਲ ਗਾਂਧੀ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹਨ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਹਨ। ਜਦਕਿ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ।
ਲੋਕ ਸਭਾ ‘ਚ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ ਤਾਂ ਅਡਾਨੀ ਮੁੱਦੇ ‘ਤੇ ਹੰਗਾਮਾ ਹੋ ਗਿਆ। ਰਾਜ ਸਭਾ ਵਿੱਚ ਵੀ ਹੰਗਾਮਾ ਹੋਇਆ। ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰਾਹੁਲ ਨੇ ਬੁੱਧਵਾਰ ਨੂੰ ਸੰਸਦ ਦੇ ਬਾਹਰ ਕਿਹਾ ਸੀ ਕਿ ਅਡਾਨੀ ‘ਤੇ ਅਮਰੀਕਾ ‘ਚ 2 ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਉਸਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਮੋਦੀ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ।