ਅੰਮ੍ਰਿਤਸਰ, 29 ਨਵੰਬਰ 2024 – ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਪੁਲਸ ਚੌਂਕੀ ਨੇੜੇ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਗੂੜ੍ਹੀ ਨੀਂਦੇ ਸੁੱਤੇ ਪਏ ਸਨ, ਤੜਕੇ 3 ਵਜੇ ਹੋਏ ਇਸ ਧਮਾਕੇ ਨਾਲ ਇਲਾਕੇ ਦੇ ਲੋਕ ਕੰਬ ਗਏ। ਲੋਕਾਂ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕ ਘਰਾਂ ਵਿਚੋਂ ਬਾਹਰ ਆ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਫਿਲਹਾਲ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਮੁਤਾਬਕ ਫੋਰੈਂਸਿਕ ਟੀਮਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ਕਿ ਇਹ ਧਮਾਕਾ ਕਿਸ ਤਰ੍ਹਾਂ ਹੋਇਆ। ਇਸ ਪਿੱਛੇ ਕੋਈ ਧਮਾਕਾਖੇਜ਼ ਸਮੱਗਰੀ ਹੈ ਜਾਂ ਫਿਰ ਕਿਸੇ ਹੋਰ ਕਾਰਣ ਕਰਕੇ ਇਹ ਬਲਾਸਟ ਹੋਇਆ ਹੈ।
ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਲੰਘੇ ਐਤਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਥਾਣੇ ਦੇ ਬਾਹਰ ਵੀ ਬੰਬ ਨੁਮਾ ਚੀਜ਼ ਬਰਾਮਦ ਹੋਈ ਸੀ। ਜਿਸ ਮਗਰੋਂ ਪੁਲਸ ਨੇ ਸਾਰੇ ਇਲਾਕੇ ਨੂੰ ਸੀਲ ਕਰਕੇ ਬੰਬ ਨਿਰੋਧਕ ਦਸਤਿਆਂ ਦੀ ਮਦਦ ਨਾਲ ਬੰਬ ਨੁਮਾ ਚੀਜ਼ ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸ ਮਾਮਲੇ ਵਿਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।