- ਦੋ ਸਾਲ ਦੀ ਕੈਦ ਅਤੇ 11 ਹਜ਼ਾਰ ਰੁਪਏ ਜੁਰਮਾਨੇ ਦੀ ਸੁਣਾਈ ਸਜ਼ਾ
- ਅਦਾਲਤ ਦੇ ਹੁਕਮਾਂ ਦੀ ਕਾਪੀ ਪੜ੍ਹਨ ਉਪਰੰਤ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿਆਂਗੇ – ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ
- ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਾਂਚ ਲਈ ਗਠਿਤ ਕਮਿਸ਼ਨ ਵਲੋਂ ਵਿਧਾਇਕ ਨਰੇਸ਼ ਯਾਦਵ ਨੂੰ ਕੁਰਾਨ ਸ਼ਰੀਫ਼ ਦੇ ਬੇਅਦਬੀ ਮਾਮਲੇ ਵਿਚ ਦਿੱਤੀ ਜਾ ਚੁੱਕੀ ਸੀ ਕਲੀਨ ਚਿੱਟ
ਮਲੇਰਕੋਟਲਾ 1 ਦਸੰਬਰ ,2024 – ਦਿੱਲੀ ਦੇ ਮਹਿਰੌਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਮਾਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਕਰੀਬ ਅੱਠ ਸਾਲ ਪੁਰਾਣੇ ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਨੂੰ ਸਜ਼ਾ ਸੁਣਾਉਂਦਿਆਂ ਦੋ ਸਾਲ ਦੀ ਕੈਦ ਅਤੇ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
24 ਜੂਨ 2016 ਨੂੰ ਮਲੇਰਕੋਟਲਾ ਦੇ ਖੰਨਾ ਰੋਡ ‘ਤੇ ਵਾਪਰੇ ਪਵਿੱਤਰ ਕੁਰਾਨ ਬੇਅਦਬੀ ਮਾਮਲੇ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਦਿੱਲੀ ਦੇ ਮਹਿਰੋਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਕੈਦ ਅਤੇ 11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਵਿਚ ਧਾਰਾ 295 ‘ਚ 24 ਮਹੀਨੇ ਦੀ ਕੈਦ ਤੇ 5000 ਰੁਪਏ ਜੁਰਮਾਨਾ, ਧਾਰਾ 153-ਏ ਵਿਚ 24 ਮਹੀਨੇ ਦੀ ਕੈਦ ਤੇ 5000 ਰੁਪਏ ਜੁਰਮਾਨਾ ਅਤੇ ਧਾਰਾ 120 ਬੀ ਵਿਚ 6 ਮਹੀਨੇ ਦੀ ਕੈਦ ਤੇ ਇਕ ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸ਼ਾਮਿਲ ਹੈ। ਇਹ ਸਾਰੀ ਸਜ਼ਾ ਬਰਾਬਰ ਚੱਲੇਗੀ।
ਸਜ਼ਾ ਸੁਣਾਏ ਜਾਣ ਪਿਛੋਂ ਅਦਾਲਤ ਦੇ ਬਾਹਰ ਨਰੇਸ਼ ਯਾਦਵ ਨੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਵੱਡੀ ਸਾਜਿਸ਼ ਹੈ। ਅਦਾਲਤ ਵਲੋਂ ਕੱਲ੍ਹ ਦੇਰ ਸ਼ਾਮ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਦੇ ਕੇ ਅਦਾਲਤੀ ਹਿਰਾਸਤ ਵਿਚ ਲੈਣ ਦੇ ਆਦੇਸ਼ ਦਿੱਤੇ ਗਏ ਸਨ। ਨਰੇਸ਼ ਯਾਦਵ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਨਰੇਸ਼ ਯਾਦਵ ਦੇ ਵਕੀਲ ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਪੜ੍ਹਨ ਉਪਰੰਤ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿਆਂਗੇ। ਉਨ੍ਹਾਂ ਦੱਸਿਆ ਕਿ ਨਰੇਸ਼ ਯਾਦਵ ਦੀ ਜ਼ਮਾਨਤ ਬਾਰੇ ਮਲੇਰਕੋਟਲਾ ਅਦਾਲਤ ਸੋਮਵਾਰ ਨੂੰ ਫੈਸਲਾ ਦੇਵੇਗੀ ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਾਂਚ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵਿਧਾਇਕ ਨਰੇਸ਼ ਯਾਦਵ ਨੂੰ ਕੁਰਾਨ ਸ਼ਰੀਫ਼ ਦੇ ਬੇਅਦਬੀ ਮਾਮਲੇ ਵਿਚ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ।
