ਨਵੀਂ ਦਿੱਲੀ, 5 ਦਸੰਬਰ 2024 – ਦੱਖਣੀ ਗਾਜ਼ਾ ਵਿੱਚ ਵਿਸਥਾਪਿਤ ਫਿਲਸਤੀਨੀਆਂ ਲਈ ਬਣੇ ਇੱਕ ਕੈਂਪ ਵਿੱਚ ਰਹਿ ਰਹੇ ਘੱਟ ਤੋਂ ਘੱਟ 21 ਲੋਕ ਬੁੱਧਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਮਾਰੇ ਗਏ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸਨੇ ਖੇਤਰ ਵਿੱਚ “ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ” ਹਮਾਸ ਦੇ ਚੋਟੀ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਜ਼ਰਾਈਲੀ ਫੌਜ ਨੇ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਉਸ ਨੇ ਇਹ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਵਰਤੀ ਹੈ ਕਿ ਹਮਲੇ ਵਿੱਚ ਕੋਈ ਨਾਗਰਿਕ ਜਾਨੀ ਨੁਕਸਾਨ ਨਾ ਹੋਵੇ। ਮੁਵਾਸੀ ਟੈਂਟ ਕੈਂਪ ‘ਤੇ ਹਮਲਾ ਬੁੱਧਵਾਰ ਨੂੰ ਗਾਜ਼ਾ ਪੱਟੀ ਵਿਚ ਹੋਏ ਕਈ ਘਾਤਕ ਹਮਲਿਆਂ ਵਿਚੋਂ ਇਕ ਸੀ।
ਫਲਸਤੀਨੀ ਡਾਕਟਰਾਂ ਅਨੁਸਾਰ ਮੱਧ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਚਾਰ ਬੱਚਿਆਂ ਸਮੇਤ ਘੱਟੋ ਘੱਟ 10 ਹੋਰ ਲੋਕ ਮਾਰੇ ਗਏ ਹਨ। ਹਮਾਸ ਦੇ ਅਕਤੂਬਰ 2023 ਦੇ ਹਮਲੇ ਤੋਂ ਬਾਅਦ ਲਗਭਗ 14 ਮਹੀਨਿਆਂ ਤੋਂ ਜਾਰੀ ਗਾਜ਼ਾ ਵਿੱਚ ਇਜ਼ਰਾਈਲ ਦੀ ਵਿਨਾਸ਼ਕਾਰੀ ਜੰਗ ਦੇ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹਮਾਸ ਨੇ ਅਜੇ ਵੀ ਬਹੁਤ ਸਾਰੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾਇਆ ਹੋਇਆ ਹੈ ਅਤੇ ਗਾਜ਼ਾ ਦੀ ਜ਼ਿਆਦਾਤਰ ਆਬਾਦੀ ਉਜਾੜ ਦਿੱਤੀ ਗਈ ਹੈ ਅਤੇ ਬਚਾਅ ਲਈ ਅੰਤਰਰਾਸ਼ਟਰੀ ਭੋਜਨ ਸਹਾਇਤਾ ‘ਤੇ ਨਿਰਭਰ ਹੈ।
ਦੱਖਣੀ ਸ਼ਹਿਰ ਖਾਨ ਯੂਨਿਸ ਦੇ ਨਸੇਰ ਹਸਪਤਾਲ ਦੇ ਡਾਇਰੈਕਟਰ ਆਤਿਫ ਅਲ-ਹਾਉਤ ਅਨੁਸਾਰ ਮੁਵਾਸੀ ਵਿੱਚ ਬੁੱਧਵਾਰ ਨੂੰ ਹੋਏ ਹਮਲੇ ਵਿੱਚ ਘੱਟੋ ਘੱਟ 28 ਲੋਕ ਜ਼ਖਮੀ ਹੋਏ ਹਨ। ਮੁਵਾਸੀ ਵਿੱਚ ਬਹੁਤ ਘੱਟ ਜਨਤਕ ਸੇਵਾਵਾਂ ਹਨ ਅਤੇ ਜਿੱਥੇ ਲੱਖਾਂ ਵਿਸਥਾਪਿਤ ਲੋਕ ਰਹਿੰਦੇ ਹਨ। ਹਸਪਤਾਲ ਵਿੱਚ ਮੌਜੂਦ ਇੱਕ ਐਸੋਸੀਏਟਿਡ ਪ੍ਰੈਸ (ਏਪੀ) ਪੱਤਰਕਾਰ ਨੇ ਘੱਟੋ-ਘੱਟ 15 ਲਾਸ਼ਾਂ ਦੇਖੀਆਂ। ਹਮਲੇ ਤੋਂ ਥੋੜ੍ਹੀ ਦੇਰ ਬਾਅਦ ਅਲ-ਅਵਦਾ ਹਸਪਤਾਲ ਨੇ ਕਿਹਾ ਕਿ ਨੁਸਰਤ ਸ਼ਰਨਾਰਥੀ ਕੈਂਪ ਦੇ ਰਿਹਾਇਸ਼ੀ ਬਲਾਕ ‘ਤੇ ਹੋਏ ਹਮਲੇ ਵਿਚ ਦੋ ਲੋਕ ਮਾਰੇ ਗਏ ਅਤੇ 38 ਜ਼ਖਮੀ ਹੋ ਗਏ। ਫੌਜ ਨੇ ਹਮਲੇ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ, ਪਰ ਕਿਹਾ ਕਿ ਮੱਧ ਗਾਜ਼ਾ ਵਿੱਚ ਪਹਿਲਾਂ ਕੀਤੇ ਗਏ ਹਮਲਿਆਂ ਨੇ “ਅੱਤਵਾਦੀ ਟਿਕਾਣਿਆਂ” ਨੂੰ ਨਿਸ਼ਾਨਾ ਬਣਾਇਆ ਸੀ।