- ਪਰਿਵਾਰ ਤੋਂ ਮੁਆਫੀ ਮੰਗਣ ਕੈਪਟਨ, ਰਾਣਾ ਸੋਢੀ ਨੂੰ ਕੈਬਨਿਟ ਚੋਂ ਕੱਢਣ ਬਾਹਰ-ਚੱਢਾ/ਹੇਅਰ
- ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਰਾਖਵਾਂਕਰਨ ਦੇ ਨੀਤੀ ਠੋਸ ਢੰਗ ਨਾਲ ਲਾਗੂ ਕੀਤੀ ਜਾਵੇ
- ਸਰਕਾਰ ਦੇ ਘਟੀਆ ਵਤੀਰੇ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਰੁਲਣ ਲਈ ਮਜਬੂਰ
- ਕੈਪਟਨ ਅਮਰਿੰਦਰ ਦੇ ਝੂਠੇ ਵਾਅਦਿਆਂ ਕਾਰਨ ਜਾ ਰਹੀਆਂ ਹਨ ਖਿਡਾਰੀਆਂ ਦੀਆਂ ਜਾਨਾਂ
- ਲਾਰੇ ਲਾਉਣ ਵਿੱਚ ਕੈਪਟਨ ਨੇ ਬਾਦਲਾਂ ਨੂੰ ਵੀ ਪਿੱਛੇ ਛੱਡਿਆ
ਚੰਡੀਗੜ੍ਹ, 16 ਜਨਵਰੀ 2021 – ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਮਾਨਸਿਕ ਤੌਰ ‘ਤੇ ਅਪਹਾਜ ਤੇ ਸਪੈਸ਼ਲ ਓਲੰਪਿਕ ‘ਚ ਦੋ ਤਗਮੇ ਵਿਜੇਤਾ ਰਾਜਬੀਰ ਦੀ ਹੋਈ ਮੌਤ ਉਤੇ ਡੂੰਘੇ ਦੁੱਖ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਿੱਧੇ ਤੌਰ ਤੇ ਜੰਿਮੇਵਾਰ ਠਹਿਰਾਇਆ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਅਤੇ ਯੂਥ ਦੇ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਪੰਜਾਬ ਦਾ ਹੋਣਹਾਰ ਖਿਡਾਰੀ ਸਾਡੇ ਕੋਲੋਂ ਸਦਾ ਲਈ ਚਲਿਆ ਗਿਆ।
ਰਾਜਬੀਰ ਨੂੰ ਬਿਮਾਰੀ ਦੇ ਚਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਸੀਐਮਸੀ ਲੁਧਿਆਣਾ ਭੇਜ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਨੇ ਅੰਤਿਮ ਸਾਹ ਲਏ। ਉਨ੍ਹਾਂ ਕਿਹਾ ਕਿ ਇਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਅਤੇ ਮਾਨਸਿਕ ਤੌਰ ਉੱਤੇ ਵੀ ਠੀਕ ਨਾ ਹੋਣ ਦੇ ਬਾਵਜੂਦ ਰਾਜਬੀਰ ਨੇ ਸਪੈਸ਼ਲ ਓਲੰਪਿਕ ‘ਚ 2 ਸੋਨ ਤਗਮੇ ਜਿੱਤਕੇ ਦੇਸ਼ ਤੇ ਪੰਜਾਬ ਦਾ ਮਾਣ ਉੱਚਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੀ ਬਾਦਲ ਦਲ-ਭਾਜਪਾ ਦੀ ਸਰਕਾਰ ਦੇ ਵਾਂਗ ਵਾਅਦੇ ਕਰਦੇ ਬਹੁਤ ਹਨ, ਪਰ ਪੂਰਾ ਇਕ ਵੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦੂਹਰਾ ਸੋਨ ਤਗਮੇ ਵਿਜੇਤਾ ਦੇ ਇਲਾਜ ਲਈ ਮਦਦ ਦੇਣ ਦਾ ਤਾਂ ਵਾਅਦਾ ਕੀਤਾ, ਪਰ ਮਦਦ ਨਾ ਮਿਲਣ ਕਾਰਨ ਲੋਹੜੀ ਵਾਲੇ ਦਿਨ ਹੋਣਹਾਰ ਖਿਡਾਰੀ ਸਦਾ ਲਈ ਅਲਵਿਦਾ ਕਹਿ ਗਿਆ।
‘ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਦੇ ਲਈ ਅਨੇਕਾਂ ਨੀਤੀਆਂ ਦਾ ਐਲਾਨ ਕਰਕੇ ਗੁੰਮਰਾਹ ਕੀਤਾ ਹੈ, ਹਕੀਕਤ ਵਿੱਚ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2017 ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਲਈ ਐਲਾਨ ਕੀਤਾ ਸੀ, ਪਰ ਉਸ ਉਤੇ ਖਰੇ ਨਹੀਂ ਉਤਰੇ। ਆਗੂਆਂ ਨੇ ਕਿਹਾ ਕਿ ਖਿਡਾਰੀ ਨੂੰ ਸਮੇਂ ਸਿਰ ਮਦਦ ਨਾ ਮਿਲਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖਾਸਤ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਲਈ ਸਪੈਸ਼ਲ ਨੀਤੀ ਬਣਾਕੇ ਮਾਲੀ ਮਦਦ ਨੀਤੀ ਦਾ ਐਲਾਨ ਕਰੇ। ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਕੀਤਾ ਜਾਵੇ ਅਤੇ ਸਹੀ ਤਰੀਕੇ ਨਾਲ ਲਾਗੂ ਕਰਦੇ ਹੋਏ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ 10 ਸਾਲ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਪੰਜਾਬ ਦਾ ਨੌਜਵਾਨ ਅੱਜ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਜਾ ਰਹੇ ਹਨ। ਜੇਕਰ ਸੱਤਾ ਦੀ ਕੁਰਸੀ ਉਤੇ ਬੈਠੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਦੇ ਲਈ ਕੰਮ ਕੀਤਾ ਹੁੰਦਾ ਤਾਂ ਅੱਜ ਮਾਵਾਂ ਕੋਲੋਂ ਪੁੱਤ, ਭੈਣਾਂ ਕੋਲੋ ਭਰਾ ਵਿਦੇਸ਼ਾਂ ਦੀ ਧਰਤੀ ਉੱਤੇ ਦੂਰ ਨਾ ਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਮਾੜੇ ਵਤੀਰੇ ਕਾਰਨ ਹੀ ਅੱਜ ਪੰਜਾਬ ਦੇ ਖਿਡਾਰੀਆਂ ਨੂੰ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਤਗਮੇ ਜਿੱਤਣ ‘ਚ ਵੀ ਪਛੜ ਰਹੇ ਹਨ।
ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਦੇ ਜੰਮਪਲ ਰਾਜਬੀਰ ਸਿੰਘ ਨੇ ਅਗਸਤ 2015 ‘ਚ ਕਰਵਾਈਆਂ ਗਈਆਂ ਸਪੈਸ਼ਲ ਓਲਪਿੰਕ ਖੇਡਾਂ ਵਿੱਚ ਹਿੱਸਾ ਲੈ ਕੇ ਇਕ ਕਿਲੋਮੀਟਰ ਅਤੇ 2 ਕਿਲੋਮੀਟਰ ਸਾਈਕਲਿੰਗ ਰੇਸ ਵਿੱਚ ਸੋਨ ਤਗਮੇ ਪ੍ਰਾਪਤ ਕੀਤੇ ਸਨ। ਰਾਜਬੀਰ ਗਰੀਬ ਪਰਿਵਾਰ ਨਾਲ ਸਬੰਧਤ ਸਨ ਜਿਸਦੇ ਪਿਤਾ ਮਜ਼ਦੂਰੀ ਕਰਦੇ ਹਨ। ਉਸਦੇ ਮਾਪਿਆਂ ਨੇ ਇਲਾਜ ਲਈ ਸਰਕਾਰ ਕੋਲ ਕਈ ਵਾਰ ਮਦਦ ਦੀ ਗੁਹਾਰ ਲਗਾਈ, ਜੋ ਬਹੁਤ ਮੁਸ਼ਕਿਲ ਵਿੱਚ ਉਸਦਾ ਇਲਾਜ ਕਰਵਾ ਰਹੇ ਸਨ। ਮਨੁਖਤਾ ਦੀ ਸੇਵਾ ਸੁਸਾਇਟੀ ਵੱਲੋਂ ਰਾਜਬੀਰ ਸਿੰਘ ਦੇ ਇਲਾਜ ਦਾ ਖਰਚਾ ਤਾਂ ਉਠਾਇਆ ਗਿਆ, ਪਰ ਸਰਕਾਰ ਅੱਗੇ ਨਾ ਆਈ। ਪਿਛਲੇ ਜੁਲਾਈ ਮਹੀਨੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਬੀਰ ਦੇ ਇਲਾਜ ਲਈ ਮਦਦ ਦੇਣ ਦਾ ਐਲਾਨ ਵੀ ਕੀਤਾ ਸੀ। ਸਰਕਾਰ ਨੂੰ ਰਾਜਬੀਰ ਦੀ ਇਸ ਹਾਲਤ ਉੱਤੇ ਦਯਾ ਤੱਕ ਨਹੀਂ ਆਈ। ਦੇਸ਼ ਦੇ ਲਈ ਤਗਮੇ ਜਿੱਤਣ ਵਾਲੇ ਦਾ ਇਕ ਇਲਾਜ ਪੱਖੋਂ ਸਦਾ ਲਈ ਚਲਿਆ ਜਾਣਾ ਸਰਕਾਰਾਂ ਦੇ ਲਈ ਸ਼ਰਮ ਦੀ ਗੱਲ ਹੈ।