ਲੁਧਿਆਣਾ, 7 ਦਸੰਬਰ 2024 – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਰਵਨੀਤ ਬਿੱਟੂ ਨੇ ਤੰਜ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਾਰਾਇਣ ਸਿੰਘ ਚੌੜਾ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਥੇਦਾਰ ਸਾਹਿਬਾਨ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਬਣੇ ਮਿਊਜ਼ੀਅਮ ਵਿਚ ਨਾਰਾਇਣ ਸਿੰਘ ਚੌੜਾ ਦੀ ਤਸਵੀਰ ਲਗਾ ਕੇ ਸਨਮਾਨ ਦੇਣ।
ਰਵਨੀਤ ਬਿੱਟੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਬੇਅਦਬੀ ਦੀ ਗੱਲ ਕਬੂਲੀ ਤਾਂ ਨਾਰਾਇਣ ਸਿੰਘ ਚੌੜਾ ਨੇ ਭਾਵਨਾਵਾਂ ਵਿਚ ਆ ਕੇ ਉਨ੍ਹਾਂ ‘ਤੇ ਗੋਲ਼ੀ ਚਲਾ ਦਿੱਤੀ, ਜੋ ਉਨ੍ਹਾਂ ਦੇ ਨਹੀਂ ਲੱਗੀ ਤੇ ਕੰਧ ਵਿਚ ਜਾ ਲੱਗੀ। ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ‘ਕੌਮ ਦੇ ਹੀਰੇ’ ਹਨ ਤੇ ਅਕਾਲ ਤਖ਼ਤ ਸਾਹਿਬ ਦੇ ਨਾਲ ਬਣੇ ਮਿਊਜ਼ੀਅਮ ਵਿਚ ਉਨ੍ਹਾਂ ਵਰਗੇ ‘ਕੌਮ ਦੇ ਹੀਰਿਆਂ’ ਦੀਆਂ ਤਸਵੀਰਾਂ ਲੱਗੀਆਂ ਹਨ, ਉੱਥੇ ਨਾਰਾਇਣ ਸਿੰਘ ਚੌੜਾ ਦੀ ਵੀ ਤਸਵੀਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਿਕਰਮ ਸਿੰਘ ਮਜੀਠੀਆ ਬੇਅੰਤ ਸਿੰਘ ਦੇ ਕਾਤਲ ਨੂੰ ਗਲ਼ ਨਾਲ ਲਗਾ ਚੁੱਕੇ ਹਨ, ਉਵੇਂ ਹੀ ਹੁਣ ਦਿਲ ਵੱਡਾ ਕਰ ਕੇ ਨਾਰਾਇਣ ਸਿੰਘ ਚੌੜਾ ਨੂੰ ਵੀ ਗਲ਼ ਨਾਲ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਨੇ ਗੁਰੂ ਦੀ ਭਾਵਨਾ ਵਿਚ ਆ ਕੇ ਸੁਖਬੀਰ ‘ਤੇ ਗੋਲ਼ੀ ਚਲਾਈ ਹੈ, ਇਸ ਲਈ ਉਨ੍ਹਾਂ ‘ਤੇ ਕੋਈ ਕੇਸ ਨਹੀਂ ਚੱਲਣਾ ਚਾਹੀਦਾ ਤੇ ਜੇ ਚੱਲਦਾ ਵੀ ਹੈ ਤਾਂ SGPC ਨੂੰ ਕੇਸ ਦਾ ਸਾਰਾ ਖਰਚਾ ਕਰ ਕੇ ਚੌੜਾ ਨੂੰ ਬਰੀ ਕਰਵਾਉਣਾ ਚਾਹੀਦਾ ਹੈ।
ਬਿੱਟੂ ਨੇ ਤੰਜ ਕੱਸਦਿਆਂ ਕਿਹਾ ਕਿ ਜਿਵੇਂ ਅਕਾਲੀ ਆਗੂ ਰਾਜੋਆਣਾ ਦੀ ਭੈਣ ਨੂੰ ਨਾਲ ਲੈ ਕੇ ਉਨ੍ਹਾਂ ਕੋਲ ਜੇਲ੍ਹ ਵਿਚ ਜਾਂਦੇ ਹਨ, ਉਸੇ ਤਰ੍ਹਾਂ ਹੁਣ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਵਿਚ ਫਲ਼ ਤੇ ਹੋਰ ਚੀਜ਼ਾਂ ਦੇ ਕੇ ਆਉਣ ਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਬਜ਼ੁਰਗ ਆਦਮੀ ਨੇ, ਜੇਲ੍ਹ ਵਿਚ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ ਕਿ ਇਸ ਹਮਲੇ ਵਿਚ ਅੱਤਵਾਦ ਜਾਂ ਖ਼ਾਲਿਸਤਾਨ ਵਾਲਾ ਐਂਗਲ ਨਹੀਂ ਹੈ, ਸਿਰਫ਼ ਬੇਅਦਬੀ ਤੋਂ ਦੁਖੀ ਹੋ ਕੇ ਗੋਲ਼ੀ ਚਲਾਈ ਗਈ ਹੈ। ਬਿੱਟੂ ਨੇ ਕਿਹਾ ਕਿ SGPC ਤੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਹੈ, ਉਹੀ ਹੁਣ ਚੌੜਾ ਬਾਰੇ ਰੱਖਣੀ ਚਾਹੀਦੀ ਹੈ। ਬੰਦੀ ਸਿੱਖਾਂ ਵਿਚ ਚੌੜਾ ਨੂੰ ਸਭ ਤੋਂ ਉੱਤੇ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਅਖ਼ੀਰ ਵਿਚ ਬਿੱਟੂ ਨੇ ਕਿਹਾ ਕਿ ਉਹ ਗੋਲ਼ੀ ਚੱਲਣ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗੋਲ਼ੀ ਚਲਾਉਣ ਦਾ ਜਾਂ ਕਾਨੂੰਨ ਨੂੰ ਹੱਥ ਵਿਚ ਲੈਣ ਦਾ ਹੱਕ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲ਼ੀ ਚੱਲਣਾ ਬਹੁਤ ਗਲਤ ਹੈ ਤੇ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ।
