- ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪੰਜ ਸਿਹਤ ਕਾਮਿਆਂ ਦਾ ਟੀਕਾਕਰਨ
ਮੋਹਾਲੀ (ਐਸ.ਏ.ਐਸ ਨਗਰ), 16 ਜਨਵਰੀ 2021 – ਕੋਵਿਡ ਟੀਕਾਕਰਨ ਮੁਹਿੰਮ ਦੀ ਅੱਜ ਸ਼ੁਰੂਆਤ ਕਰਕੇ ਪੰਜਾਬ ਮੁਲਕ ਵਿੱਚ ਇਨ੍ਹਾਂ ਇਤਿਹਾਸਕ ਪਲਾਂ ਦਾ ਹਿੱਸਾ ਬਣ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਪੜਾਅ ਵਿੱਚ 1.74 ਲੱਖ ਸਿਹਤ-ਸੰਭਾਲ ਕਾਮਿਆਂ ਦੇ ਟੀਕਾਕਰਨ ਮੁਹਿੰਮ ਦੀ ਵਰਚੁਅਲ ਤੌਰ ‘ਤੇ ਸ਼ੁਰੂਆਤ ਕੀਤੀ ਅਤੇ ਇੱਥੇ ਉਨ੍ਹਾਂ ਦੀ ਮੌਜੂਦਗੀ ਵਿੱਚ ਪੰਜ ਸਿਹਤ-ਸੰਭਾਲ ਕਾਮਿਆਂ ਨੂੰ ਕੋਵਿਡ ਵੈਕਸੀਨ ਲਾਈ ਗਈ।
ਅੱਜ ਮੁਹਾਲੀ ਦੇ 6-ਫੇਜ਼ ਸਥਿਤ ਸਿਵਲ ਹਸਪਤਾਲ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪਹਿਲੀਆਂ ਪੰਜ ਖੁਰਾਕਾਂ ਡਾ. ਸੰਦੀਪ ਸਿੰਘ, ਡਾ ਚਰਨ ਕਮਲ, ਡਾ. ਡਿੰਪਲ ਧਾਲੀਵਾਲ ਸ੍ਰੀਵਾਸਤਵਾ, ਕੰਪਿਊਟਰ ਅਪ੍ਰੇਟਰ ਆਸ਼ਾ ਯਾਦਵ ਅਤੇ ਦਰਜਾ ਚਾਰ ਕਰਮਚਾਰੀ ਸੁਰਜੀਤ ਸਿੰਘ ਨੂੰ ਲਾਈਆਂ ਗਈਆਂ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਹਸਪਤਾਲ ਵਿਖੇ ਇਨ੍ਹਾਂ ਪੰਜ ਸਿਹਤ ਕਾਮਿਆਂ ਨੂੰ ਸਨੇਹ ਵਜੋਂ ਤੋਹਫੇ ਦੇ ਤੌਰ ‘ਤੇ ਬੂਟੇ ਭੇਟ ਕੀਤੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਭ ਤੋਂ ਪਹਿਲਾ ਵੈਕਸੀਨ ਲਗਵਾਉਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਮੁਤਾਬਕ ਪਹਿਲੇ ਪੜਾਅ ਵਿੱਚ ਸਿਰਫ ਸਿਹਤ-ਸੰਭਾਲ ਕਾਮਿਆਂ ਨੂੰ ਵੀ ਇਸ ਵਿੱਚ ਕਵਰ ਕੀਤਾ ਜਾ ਸਕਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਂ ਅਗਲੇ ਪੜਾਅ ਵਿੱਚ ਨਿਸ਼ਚਤ ਤੌਰ ‘ਤੇ ਵੈਕਸੀਨ ਲੁਆਵਾਂਗਾ।”
ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਹਿਲਾਂ ਸਿਹਤ ਕਾਮਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਫੌਜੀ ਸੈਨਿਕਾਂ ਅਤੇ ਪੁਲੀਸ ਮੁਲਾਜ਼ਮਾਂ ਦਾ ਟੀਕਾਕਰਨ ਹੋਵੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਘੱਟ ਆਮਦਨ ਵਾਲੇ ਗਰੁੱਪਾਂ ਨਾਲ ਸਬੰਧਤ ਲੋਕਾਂ ਨੂੰ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣ ਦੀ ਆਗਿਆ ਦੇਣ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖ ਚੁੱਕੇ ਹਨ।
ਇਸ ਟੀਕਾਕਰਨ ਦੀ ਸੁਰੱਖਿਆ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਇਸ ਵੈਕਸੀਨ ਨੂੰ ਉਸ ਵੇਲੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਗਈ ਜਦੋਂ ਤੱਕ ਵਿਗਿਆਨੀਆਂ ਨੇ ਇਸ ਦੇ ਸੁਰੱਖਿਅਤ ਹੋਣ ਦੀ ਜ਼ਾਮਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਬਿਨਾਂ ਕਿਸੇ ਪ੍ਰਭਾਵ ਤੋਂ ਕੋਵਿਡ ਵੈਕਸੀਨ ਲੁਆ ਚੁੱਕੀਆਂ ਹਨ ਅਤੇ ਇਨ੍ਹਾਂ ਹਸਤੀਆਂ ਵਿੱਚ ਇੰਗਲੈਂਡ ਦੀ ਮਹਾਰਾਣੀ ਐਲਿਜਾਬੈੱਥ ਜੋ 93 ਵਰ੍ਹਿਆਂ ਦੀ ਹੈ ਅਤੇ ਉਨ੍ਹਾਂ ਦੇ ਪਤੀ ਜੋ 99 ਵਰ੍ਹਿਆਂ ਦੇ ਹਨ।
ਇਸ ਤੋਂ ਪਹਿਲਾਂ ਕਿਸਾਨ ਵਿਕਾਸ ਚੈਂਬਰ ਵਿੱਚ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਾਕਰਨ ਦੀ ਸੂਬਾ ਪੱਧਰੀ ਸ਼ੁਰੂਆਤ ਦਾ ਐਲਾਨ ਕਰਦਿਆਂ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਉਪਾਵਾਂ ਦਾ ਪਾਲਣ ਕਰਦੇ ਰਹਿਣ ਦੀ ਅਪੀਲ ਕੀਤੀ। ਇਹ ਜ਼ਿਕਰ ਕਰਦਿਆਂ ਕਿ ਤਾਲਾਬੰਦੀ, ਕਰਫਿਊ ਅਤੇ ਇਸ ਤੋਂ ਬਾਅਦ ਦੀਆਂ ਸਾਰੀਆਂ ਪਾਬੰਦੀਆਂ ਦਾ ਮੰਤਵ ਕੋਵਿਡ ਮਹਾਂਮਾਰੀ ਦੇ ਸਿਖਰ ਨੂੰ ਟਾਲਣਾ ਸੀ ਤਾਂ ਜੋ ਇਸਦਾ ਟੀਕਾ ਉਪਲਬਧ ਹੋ ਸਕੇ, ਮੁੱਖ ਮੰਤਰੀ ਨੇ ਬਿਪਤਾ ਦੀ ਇਸ ਘੜੀ ਵਿੱਚ ਸਬਰ ਰੱਖਣ ਅਤੇ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸੇ ਵਿੱਚੋਂ ਕੋਵਿਡ ਮਹਾਂਮਾਰੀ ਦੇ ਮੁਕੰਮਲ ਖ਼ਾਤਮੇ ਦਾ ਰਾਹ ਪੱਧਰਾ ਕਰੇਗਾ। ਹਰੇਕ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਵਾਹਿਗੁਰੂ ਅੱਗੇ ਟੀਕਾਕਰਨ ਮੁਹਿੰਮ ਦੀ ਸਫਲਤਾ ਲਈ ਅਰਦਾਸ ਵੀ ਕੀਤੀ।
ਮੁੱਖ ਮੰਤਰੀ ਨੇ ਸੂਬੇ ਵਿੱਚ ਕੋਵਿਡ ਦਾ ਫੈਲਾਅ ਰੋਕਣ ਲਈ ਸਿਹਤ-ਸੰਭਾਲ ਕਾਮਿਆਂ ਅਤੇ ਹੋਰਾਂ ਦੀ ਸ਼ਲਾਘਾ ਕੀਤੀ ਜਿਸ ਨਾਲ ਹੁੁਣ ਕੋਵਿਡ ਪਾਜ਼ੇਟਿਵ ਦੀ ਗਿਣਤੀ 3700 ਦੇ ਸਿਖਰ ‘ਤੇ ਪਹੁੰਚ ਗਈ ਸੀ, ਹੁਣ ਘਟ ਕੇ 242 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਵੀ ਸਿਫਰ ‘ਤੇ ਲਿਆਉਣ ਦਾ ਟੀਚਾ ਹੈ ਅਤੇ ਉਨ੍ਹਾਂ ਦੀ ਸਰਕਾਰ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਉਪਰਾਲੇ ਜਾਰੀ ਰੱਖੇਗੀ।
ਕੋਵਿਡ-19 ਮਹਾਂਮਾਰੀ ਕਰਕੇ ਸੂਬੇ ਵਿਚ ਸਾਲ ਭਰ ਤੋਂ ਬਣੇ ਹਲਾਤਾਂ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਕੋਵਿਡ ਦਾ ਪਹਿਲਾ ਕੇਸ 30 ਜਨਵਰੀ, 2020 ਨੂੰ ਕੇਰਲਾ ਤੋਂ ਸਾਹਮਣੇ ਆਇਆ ਸੀ ਅਤੇ ਪੰਜਾਬ ਵਿੱਚ ਕੋਵਿਡ-19 ਦਾ ਪਹਿਲਾ ਮਾਮਲਾ 5 ਮਾਰਚ, 2020 ਨੂੰ ਰਿਪੋਰਟ ਕੀਤਾ ਗਿਆ ਸੀ ਜਿਸ ਨੇ ਇਟਲੀ ਦੀ ਯਾਤਰਾ (ਟਰੈਵਲ ਹਿਸਟਰੀ) ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇ ਫੈਲਾਅ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ ਲਗਭਗ 1.2 ਕਰੋੜ ਵਿਅਕਤੀਆਂ ਦੀ ਕੋਵਿਡ ਦੇ ਲੱਛਣਾਂ ਲਈ ਸਕਰੀਨਿੰਗ ਕੀਤੀ ਗਈ ਹੈ ਅਤੇ ਹੁਣ ਤੱਕ 41 ਲੱਖ ਤੋਂ ਜ਼ਿਆਦਾ ਵਿਅਕਤੀਆਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 1.7 ਲੱਖ ਵਿਅਕਤੀਆਂ ਕਰੋਨਾ ਪਾਜ਼ੇਟਿਵ ਪਾਏ ਗਏ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਅਜਿਹਾ ਪਹਿਲਾ ਰਾਜ ਹੈ ਜਿਸਨੇ ਤਾਲਾਬੰਦੀ ਅਤੇ ਕਰਫਿਊ ਲਗਾਉਣ ਤੋਂ ਇਲਾਵਾ ਕਰਫਿਊ ਦੌਰਾਨ ਖਾਣ-ਪੀਣ ਦੀਆਂ ਵਸਤਾਂ ਅਤੇ ਦਵਾਈਆਂ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਇਸ ਮਾਰੂ ਵਾਇਰਸ ‘ਤੇ ਕਾਬੂ ਪਾਉਣ ਲਈ ‘ਮਿਸ਼ਨ ਫਤਹਿ’ ਤਹਿਤ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਮਹੱਤਵਪੂਰਨ ਕਦਮਾਂ ‘ਤੇ ਚਾਨਣਾ ਪਾਇਆ।
ਆਪਣੇ ਸੰਬੋਧਨ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਟੀਕੇ ਦੀ ਖਰੀਦ ਲਈ ਮਾਮਲਾ ਲਗਾਤਾਰ ਕੇਂਦਰ ਕੋਲ ਉਠਾਉਣ ਲਈ ਮੁੱਖ ਮੰਤਰੀ ਧੰਨਵਾਦ ਕੀਤਾ, ਜੋ ਕਿ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਜਿਸ ਵਿੱਚ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ ਟੀਕਾਕਰਨ ਲਈ 366 ਥਾਵਾਂ ਕਾਰਜਸ਼ੀਲ ਹਨ। ਮੁਢਲੇ ਪੜਾਅ ਵਿੱਚ ਲਗਭਗ 408 ਟੀਕਾਕਰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ 59 ਟੀਮਾਂ ਤੁਰੰਤ ਕਾਰਜ ਸੁਰੂ ਕਰਨਗੀਆਂ। ਸਿੱਧੂ ਨੇ ਦੱਸਿਆ ਕਿ ਢੁਕਵੇਂ ਤਾਪਮਾਨ ‘ਤੇ ਵਾਇਲਜ਼ (ਸ਼ੀਸ਼ੀਆਂ) ਸਟੋਰ ਕਰਨ ਲਈ ਸੂਬੇ ਵਿੱਚ 729 ਕੋਲਡ ਚੇਨ ਪੁਆਇੰਟਸ ਸਥਾਪਤ ਕੀਤੇ ਗਏ ਹਨ।
ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਦੇਸ਼ ਵਿਚ ਸੀਮਿਤ ਐਮਰਜੈਂਸੀ ਵਰਤੋਂ ਲਈ ਟੀਕੇ ਅਧਿਕਾਰਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੇਂਦਰੀ ਸਿਹਤ ਕਾਮਿਆਂ ਲਈ 3000 ਖੁਰਾਕਾਂ, ਰੱਖਿਆ ਸਿਹਤ ਸੰਭਾਲ ਕਾਮਿਆਂ ਲਈ 9000 ਖ਼ੁਰਾਕਾਂ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਸੂਬਾਈ ਸਿਹਤ ਕਰਮਚਾਰੀਆਂ ਲਈ 1.93 ਲੱਖ ਖੁਰਾਕਾਂ ਸ਼ਾਮਲ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਈ ਵੀ ਸੂਬਾ ਜਾਂ ਕੇਂਦਰ ਸਰਕਾਰ ਰੱਖਿਆ, ਖੁਰਾਕ ਅਤੇ ਸਿਹਤ ਵਰਗੇ ਪ੍ਰਮੁੱਖ ਸੈਕਟਰਾਂ ਦਾ ਨਿੱਜੀਕਰਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿੱਚ ਕੁਝ ਹੱਦ ਤੱਕ ਤਾਂ ਨਿੱਜੀ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਉਪਰ ਸੰਪੂਰਨ ਤੌਰ ‘ਤੇ ਨਿਰਭਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਨੇ ਪੇਂਡੂ ਇਲਾਕਿਆਂ ਵਿੱਚ ਮੋਬਾਈਲ ਸਿਹਤ ਸੇਵਾ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਮਹਿਲਾਵਾਂ ਵਿੱਚ ਉਨ੍ਹਾਂ ਦੀ ਸਿਹਤ ਸੰਭਾਲ ਅਤੇ ਭਲਾਈ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਵੈਨਾਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਸਮੇਤ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਨਾਲ ਲੈਸ ਹੋਣੀਆਂ ਚਾਹੀਦੀਆਂ ਹਨ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੋਵਿਡ ਦੀ ਸਥਿਤੀ ਨਾਲ ਨਿਪਟਣ ਲਈ ਫੌਰੀ ਬਣਦੇ ਕਦਮ ਚੁੱਕਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਵਾਲੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।