ਜਲੰਧਰ, 12 ਦਸੰਬਰ 2024 – ਜਲੰਧਰ ਦੇ ਸ਼ਾਹਕੋਟ ਵਿਚ ਉਸ ਸਮੇਂ ਨਵੀਂ ਚਰਚਾ ਛਿੜ ਗਈ ਜਦੋਂ ਇਥੇ ਦੋ ਪਾਰਟੀਆਂ ਨੇ ਇਕ ਹੀ ਉਮੀਦਵਾਰ ਨੂੰ ਐਲਾਨ ਦਿੱਤਾ। ਸ਼ਾਹਕੋਟ ਦੇ ਵਾਰਡ ਨੰਬਰ 3 ਤੋਂ ਨਗਰ ਪੰਚਾਇਤ ਚੋਣਾਂ ਲਈ ਚੋਣ ਲੜਨ ਦੀ ਚਾਹਵਾਨ ਬੀਬੀ ਚੰਦਰਵਤੀ ਦਾ ਨਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਦੀਆਂ ਜਾਰੀ ਲਿਸਟਾਂ ਵਿਚ ਹੋਣ ਕਰਕੇ ਸ਼ਹਿਰ ‘ਚ ਚਰਚਾ ਦਾ ਬਾਜ਼ਾਰ ਗਰਮ ਹੈ ਅਤੇ ਲੋਕ ਦੋਵੇਂ ਪਾਰਟੀਆਂ ਦੇ ਆਗੂਆ ‘ਤੇ ਵਿਅੰਗ ਕੱਸ ਰਹੇ ਹਨ। ਦੋਵਾਂ ਪਾਰਟੀਆਂ ਵੱਲੋਂ ਇਕ ਹੀ ਉਮੀਦਵਾਰ ਦਾ ਐਲਾਨ ਕੀਤੇ ਜਾਣ ਨਾਲ ਪਾਰਟੀਆਂ ਵੱਲੋਂ ਕੀਤੀ ਉਮੀਦਵਾਰਾਂ ਦੀ ਚੋਣ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।
‘ਆਪ’ ਵੱਲੋਂ ਬਣਾਈ ਸਕਰੀਨਿੰਗ ਕਮੇਟੀ ਵਿਚ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਹਲਕੇ ਦੇ ਦੋ ਸੀਨੀਅਰ ਆਗੂ ਵੀ ਸ਼ਾਮਲ ਸਨ। ਜ਼ਿਲ੍ਹਾ ਪੱਧਰ ‘ਤੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣ ਤੋਂ ਬਾਅਦ ਉਮੀਦਵਾਰਾਂ ਦੀ ਫਾਈਨਲ ਲਿਸਟ ਚੰਡੀਗੜ੍ਹ ਤੋਂ ਜਾਰੀ ਕੀਤੀ ਗਈ ਅਤੇ ਇਸ ਲਿਸਟ ਵਿਚ ਭਾਜਪਾ ਦੇ ਉਮੀਦਵਾਰ ਨੂੰ ‘ਆਪ’ ਨੇ ਵੀ ਆਪਣਾ ਉਮੀਦਵਾਰ ਬਣਾ ਲਿਆ।
ਇਸ ਸਬੰਧੀ ਚੰਦਰਵਤੀ ਦੇ ਪੁੱਤਰ ਰਾਹੁਲ ਪੰਡਿਤ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਵੱਲੋਂ ਹੀ ਟਿਕਟ ਲਈ ਅਪਲਾਈ ਕੀਤਾ ਸੀ ਅਤੇ ਉਨ੍ਹਾ ਨੂੰ ਭਾਜਪਾ ਨੇ ਉਮੀਦਵਾਰ ਵੀ ਬਣਾ ਦਿੱਤਾ ਜਦਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਚੋਣ ਲੜਨ ਦੀ ਕੋਈ ਇੱਛਾ ਨਹੀ ਪ੍ਰਗਟਾਈ, ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲਿਸਟ ਵਿਚ ਉਨ੍ਹਾਂ ਦਾ ਨਾਮ ਆ ਗਿਆ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਭਾਜਪਾ ਵੱਲੋਂ ਹੀ ਚੋਣ ਮੈਦਾਨ ਵਿਚ ਉਤਰਨਗੇ। ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦਾ ਕਹਿਣਾ ਹੈ ਕਿ ਅਜਿਹਾ ਗਲਤੀ ਨਾਲ ਹੋ ਗਿਆ ਹੈ ਅਤੇ ਉਮੀਦਵਾਰ ਜਾਰੀ ਸੂਚੀ ‘ਚ ਸੋਧ ਕੀਤਾ ਗਿਆ ਹੈ।

