ਚੰਡੀਗੜ੍ਹ, 13 ਦਸੰਬਰ 2024: ਪੰਜਾਬ ਰਾਜ ਚੋਣ ਕਮਿਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜ ਨਗਰ ਨਿਗਮਾਂ ਲਈ ਅੱਜ ਤੱਕ ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਸ ਸਬੰਧ ਵਿੱਚ ਨਗਰ ਨਿਗਮ ਜਲੰਧਰ ਲਈ ਕੁੱਲ 448, ਨਗਰ ਨਿਗਮ ਲੁਧਿਆਣਾ ਲਈ 682, ਨਗਰ ਨਿਗਮ ਫਗਵਾੜਾ ਲਈ 219, ਨਗਰ ਨਿਗਮ ਅੰਮ੍ਰਿਤਸਰ ਲਈ 709 ਅਤੇ ਨਗਰ ਨਿਗਮ ਪਟਿਆਲਾ ਲਈ 173 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਦੋਂਕਿ ਕਮਿਸ਼ਨ ਵੱਲੋਂ ਅੱਜ 44 ਨਗਰ ਕੌਂਸਲਾਂ ਦੇ ਅੰਕੜੇ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਹੋਵੇਗੀ। ਇਸ ਦੌਰਾਨ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਮਜ਼ਦਗੀਆਂ ਵਾਪਸ ਲੈਣ ਅਤੇ ਚੋਣ ਨਿਸ਼ਾਨਾਂ ਦੀ ਅਲਾਟਮੈਂਟ 14 ਦਸੰਬਰ ਨੂੰ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ 55 ਵਾਰਡਾਂ ਵਿੱਚੋਂ ਸਿਰਫ਼ 9 ਅਤੇ ਫਗਵਾੜਾ ਦੇ 50 ਵਾਰਡਾਂ ਵਿੱਚ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਜਦੋਂ ਕਿ ਜਲੰਧਰ ਦੇ 81 ਵਾਰਡਾਂ ਵਿੱਚ 31 ਉਮੀਦਵਾਰ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਨੇ ਪਟਿਆਲਾ ਵਿੱਚ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਵਿੱਚ ਵਾਰਡ ਨੰਬਰ 32 ਤੋਂ ਰਣਜੀਤ ਸਿੰਘ, ਵਾਰਡ ਨੰਬਰ 43 ਤੋਂ ਰਮਨਪ੍ਰੀਤ ਕੌਰ ਜੌਨੀ ਕੋਹਲੀ, ਵਾਰਡ ਨੰਬਰ 44 ਤੋਂ ਗੁਰਸ਼ਰਨ ਸਿੰਘ, 52 ਤੋਂ ਸਾਗਰ ਅਤੇ 56 ਤੋਂ ਇਤਵਿੰਦਰ ਸਿੰਘ ਸ਼ਾਮਲ ਹਨ। ਭਾਜਪਾ ਪ੍ਰਧਾਨ ਵਿਜੇ ਕੂਕਾ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਸਭ ਤੋਂ ਵੱਡਾ ਧੋਖਾ ਹੈ।
ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵੱਲੋਂ 22 ਆਈਏਐਸ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਜਦੋਂ ਤੱਕ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। ਉਦੋਂ ਤੱਕ ਇਹ ਅਧਿਕਾਰੀ ਉਕਤ ਖੇਤਰਾਂ ਵਿੱਚ ਤਾਇਨਾਤ ਰਹਿਣਗੇ। ਨਗਰ ਨਿਗਮਾਂ ਲਈ ਪੰਜ ਆਈ.ਏ.ਐਸ. ਜਦਕਿ ਬਾਕੀ ਨਗਰ ਕੌਾਸਲ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ। 21 ਤਰੀਕ ਨੂੰ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਵੀ ਮੁਕੰਮਲ ਹੋ ਜਾਵੇਗੀ।