ਨਵੀਂ ਦਿੱਲੀ, 15 ਦਸੰਬਰ 2024 – ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 14 ਦਸੰਬਰ ਨੂੰ ਇੱਕ ਅਹਿਮ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਉਹਨਾਂ ਨੇ ਮੰਤਰੀਆਂ ਤੋਂ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਲਈ ਹੈ। ਦਰਅਸਲ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਸਰਕਾਰ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ। ਸੰਸਦ ਭਵਨ ‘ਚ ਹੋਈ ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅੰਦੋਲਨ ਬਾਰੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਬੈਠਕ ‘ਚ ਪੀ.ਐੱਮ ਨੇ ਮਹਾਰਾਸ਼ਟਰ ‘ਚ ਬਣਨ ਵਾਲੀ ਕੈਬਨਿਟ ਬਾਰੇ ਵੀ ਚਰਚਾ ਕੀਤੀ।
ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਵਿਖੇ ਤੀਸਰੀ ਵਾਰ 101 ‘ਕਿਸਾਨਾਂ ਦਾ ਜਥਾ’ ਜਦੋਂ ਦਿੱਲੀ ਕੂਚ ਕਰਨ ਲਈ ਨਿਕਲਿਆ ਤਾਂ ਉਸ ’ਤੇ ਕੇਂਦਰੀ ਸੁਰੱਖਿਆ ਫੋਰਸਾਂ ਨੇ ਪਾਣੀ ਦੀਆਂ ਵਾਛੜਾਂ, ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਕਾਰਨ 17 ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਜਥੇ ਨੂੰ 4 ਘੰਟੇ ਬਾਅਦ ਵਾਪਸ ਬੁਲਾਉਂਦਿਆਂ ਐਲਾਨ ਕੀਤਾ ਕਿ 18 ਦਸੰਬਰ ਤੱਕ ਜਥਾ ਦਿੱਲੀ ਕੂਚ ਨਹੀਂ ਕਰੇਗਾ ਪਰ ਸੰਘਰਸ਼ ਹੋਰ ਤਿੱਖਾ ਹੋਵੇਗਾ। ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਨੂੰ ਭਾਰਤ ਸਰਕਾਰ ਦੱਸੇ ਕਿ 101 ਕਿਸਾਨਾਂ ਦਾ ਜਥਾ ਕਾਨੂੰਨ ਲਈ ਕਿਵੇਂ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਸਰਹੱਦ ਤੋਂ ਪਾਰ ਨਹੀਂ ਜਾ ਸਕੇ ਪਰ ਸਾਡੀ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚ ਰਹੀ ਹੈ।
ਇਸ ਮੌਕੇ ਕਿਸਾਨਾਂ ਦੀ ਹਮਾਇਤ ਲਈ ਸ਼ੰਭੂ ਬਾਰਡਰ ਵਿਖੇ ਪੁੱਜੇ ਪਹਿਲਵਾਨ ਬਜਰੰਗ ਪੂਨੀਆ ਨੇ ਜਦੋਂ ਸਾਰੀ ਸਥਿਤੀ ਦੇਖੀ ਤਾਂ ਆਖਿਆ ਕਿ ਇਹ ਸ਼ੰਭੂ ਬਾਰਡਰ ਦੀ ਥਾਂ ਭਾਰਤ-ਪਾਕਿ ਦੀ ਸਰਹੱਦ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਨਹੀਂ ਰੋਕ ਰਹੇ ਪਰ ਦੂਜੇ ਪਾਸੇ ਹੰਝੂ ਗੈਸ ਦੀ ਵਰਤੋਂ ਕਰ ਰਹੀ ਹੈ।