ਨਵੀਂ ਦਿੱਲੀ, 19 ਦਸੰਬਰ 2024 – ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੋਤੀਰਾਦਿੱਤਿਆ ਸਿੰਧੀਆ ਅਤੇ ਗਿਰੀਰਾਜ ਸਿੰਘ ਸਮੇਤ 20 ਸੰਸਦ ਮੈਂਬਰਾਂ ਨੂੰ ਨੋਟਿਸ ਭੇਜੇਗੀ। ਇਹ ਸੰਸਦ ਮੈਂਬਰ ਮੰਗਲਵਾਰ ਨੂੰ ‘ਇਕ ਦੇਸ਼, ਇਕ ਚੋਣ’ (ਓ.ਐਨ.ਓ.ਈ.) ਬਿੱਲ ਦੀ ਪੇਸ਼ਕਾਰੀ ਦੌਰਾਨ ਲੋਕ ਸਭਾ ਵਿਚ ਮੌਜੂਦ ਨਹੀਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਨੇ 3 ਲਾਈਨਾਂ ਵਾਲਾ ਵ੍ਹਿਪ ਜਾਰੀ ਕੀਤਾ ਸੀ ਅਤੇ ਬਿੱਲ ਦੀ ਪੇਸ਼ਕਾਰੀ ਦੌਰਾਨ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਸਦ ਮੈਂਬਰਾਂ ਨੂੰ ਨੋਟਿਸ ਭੇਜ ਕੇ ਕਾਰਨ ਪੁੱਛਿਆ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਪਾਰਟੀ ਨੂੰ ਆਪਣੀ ਗੈਰ-ਹਾਜ਼ਰੀ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਸੀ ਜਾਂ ਨਹੀਂ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਨਿਤਿਨ ਗਡਕਰੀ, ਜਯੋਤੀਰਾਦਿੱਤਿਆ ਸਿੰਧੀਆ ਅਤੇ ਸੀਆਰ ਪਾਟਿਲ, ਸ਼ਾਂਤਨੂ ਠਾਕੁਰ, ਜਗਦੰਬਿਕਾ ਪਾਲ, ਬੀਵਾਈ ਰਾਘਵੇਂਦਰ, ਵਿਜੇ ਬਘੇਲ, ਉਦੈਰਾਜੇ ਭੋਸਲੇ, ਜਗਨਨਾਥ ਸਰਕਾਰ, ਜਯੰਤ ਕੁਮਾਰ ਰਾਏ, ਵੀ ਸੋਮੰਨਾ, ਚਿੰਤਾਮਣੀ ਮਹਾਰਾਜ ਸਮੇਤ ਕੁੱਲ 20 ਸੰਸਦ ਮੈਂਬਰ ਸਦਨ ਵਿੱਚ ਮੌਜੂਦ ਨਹੀਂ ਸਨ।
ਜਦੋਂ ਇਕ ਦੇਸ਼, ਇਕ ਚੋਣ ਬਿੱਲ ਪੇਸ਼ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਸਦਨ ਵਿਚ ਨਹੀਂ ਸਨ। ਉਹ ਜੈਪੁਰ ਵਿੱਚ ਪਾਰਵਤੀ-ਕਲਸਿੰਧ-ਚੰਬਲ-ਈਆਰਸੀਪੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਰਹੇ ਸਨ। ਪ੍ਰਧਾਨ ਮੰਤਰੀ ਨੇ ਇਸ ਪ੍ਰਾਜੈਕਟ ਵਿੱਚ ਦੇਰੀ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦਾ ਹੱਲ ਕੱਢਣ ਦੀ ਬਜਾਏ ਸੂਬਿਆਂ ਦਰਮਿਆਨ ਪਾਣੀਆਂ ਦੇ ਵਿਵਾਦ ਨੂੰ ਵਧਾਵਾ ਦਿੰਦੀ ਰਹੀ।