ਚੰਡੀਗੜ੍ਹ, 20 ਦਸੰਬਰ 2024 – ਨਗਰ ਨਿਗਮ ਚੋਣਾਂ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਿਹਾ ਸ਼ੋਰ-ਸ਼ਰਾਬਾ ਵੀਰਵਾਰ ਸ਼ਾਮ 4 ਵਜੇ ਬੰਦ ਹੋ ਗਿਆ। ਇਸ ਦੇ ਨਾਲ ਚੋਣ ਲੜ ਰਹੇ ਉਮੀਦਵਾਰਾਂ ’ਤੇ ਅਗਲੇ 48 ਘੰਟਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਮੀਟਿੰਗ ਦੀ ਜਿੱਥੇ ਇਜ਼ਾਜ਼ਤ ਨਹੀਂ ਹੋਵੇਗੀ, ਉੱਥੇ ਬਾਹਰੀ ਲੋਕਾਂ ਨੂੰ ਵੀ ਵਾਰਡਾਂ ’ਚ ਰੁਕਣ ’ਤੇ ਮਨਾਹੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ-1994 ਦੀ ਧਾਰਾ 110 ਤਹਿਤ ਪ੍ਰਚਾਰ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਕਿਸੇ ਨੂੰ ਵੀ ਨੁੱਕੜ ਮੀਟਿੰਗ ਜਾ ਪ੍ਰਚਾਰ ਕਰਨ ਦੀ ਛੋਟ ਨਹੀਂ ਹੈ।
ਜਦੋਂ ਕਿ ਬਾਹਰੀ ਇਲਾਕਿਆਂ ਨਾਲ ਸਬੰਧਿਤ ਲੋਕਾਂ ਨੂੰ ਨਾਜਾਇਜ਼ ਤੌਰ ’ਤੇ ਖ਼ਾਸ ਕਰ ਕੇ ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਵੀ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਤਾਂ ਜੋ ਚੋਣਾਵੀ ਪ੍ਰਕਿਰਿਆ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋ ਸਕੇ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਕੁੱਲ 1296 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ’ਚ ਨਗਰ ਨਿਗਮ ਲੁਧਿਆਣਾ ਦੇ 95 ਵਾਰਡ, ਮਾਛੀਵਾੜਾ ਅਤੇ ਸਾਹਨੇਵਾਲ ਦੇ 15-15 ਵਾਰਡ, ਨਗਰ ਕੌਂਸਲ ਮੁੱਲਾਂਪੁਰ ਦੇ 13 ਵਾਰਡ, ਮਲੌਦ ਦੇ 11 ਵਾਰਡ, ਖੰਨਾ ਅਤੇ ਸਮਰਾਲਾ ਦਾ 1-1 ਵਾਰਡ ਸ਼ਾਮਲ ਹੈ। ਦੂਜੇ ਪਾਸੇ 21 ਦਸੰਬਰ ਨੂੰ ਹੋਣ ਜਾ ਰਹੀ ਵੋਟਿਗ ਦੇ ਮੱਦੇਨਜ਼ਰ ਸਥਾਨਕ ਐੱਨ. ਆਈ. ਸੀ. ਦਫ਼ਤਰ ’ਚ ਪੋਲਿੰਗ ਬੂਥਾਂ ਦੀ ਅੰਤਿਮ ਰੈਂਡਮਾਈਜੇਸ਼ਨ ਡੀ. ਸੀ. ਜਤਿੰਦਰ ਜੋਰਵਾਲ ਦੀ ਅਗਵਾਈ ’ਚ ਸੰਪੰਨ ਹੋਈ।
ਉੱਥੇ ਨਿਗਮ ਚੋਣਾਂ ਨੂੰ ਲੈ ਕੇ ਆਬਕਾਰੀ ਵਿਭਾਗ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦੇ ਹੋਏ ਸ਼ਰਾਬ ਦੀ ਵੰਡ ’ਤੇ ਰੋਕ ਲਗਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ, ਇਸ ਨੀਤੀ ਤਹਿਤ ਪੂਰਬੀ ਅਤੇ ਪੱਛਮੀ ਰੇਂਜ ਲਈ ਸ਼ਿਵਾਨੀ ਗੁਪਤਾ ਅਤੇ ਇੰਦਰਜੀਤ ਨਾਗਪਾਲ ਦੀ ਅਗਵਾਈ ’ਚ ਨਿਰੰਤਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਸਾਰੇ ਸ਼ਰਾਬ ਦੇ ਠੇਕੇ, ਹਾਰਡ ਬਾਰ, ਬੀਅਰ ਬਾਰ, ਪੱਬ ਅਤੇ ਮੈਰਿਜ ਪੈਲੇਜ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ਹਿਰ ਦੇ ਵੱਖ-ਵੱਖ ਜਗਾਵਾਂ ’ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।