ਬਠਿੰਡਾ, 24 ਦਸੰਬਰ 2024 – ਬਠਿੰਡਾ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਨੇ ਆਪਣੇ ਪਤੀ ਸੁਖਬੀਰ ਬਾਦਲ ‘ਤੇ ਹੋਏ ਹਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਏਐਸਆਈ ਜਸਬੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੀ ਵੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪਾਰਟੀ ਨੇ ਸੁਖਬੀਰ ਸਿੰਘ ਬਾਦਲ ਦੀ ਸਿਫ਼ਾਰਸ਼ ਦਾ ਸਮਰਥਨ ਕੀਤਾ ਹੈ। ਇਸ ਸਿਫ਼ਾਰਸ਼ ਵਿੱਚ ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਏਐਸਆਈ ਜਸਬੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਦੀ ਬੇਨਤੀ ਕੀਤੀ ਹੈ। ਇਹ ਬੇਨਤੀ 4 ਦਸੰਬਰ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਉਸ ਘਟਨਾ ਦੇ ਸਬੰਧ ਵਿੱਚ ਕੀਤੀ ਗਈ ਹੈ, ਜਦੋਂ ਸੁਖਬੀਰ ਸਿੰਘ ਬਾਦਲ ਸੇਵਾਦਾਰ ਵਜੋਂ ਆਪਣੀ ਧਾਰਮਿਕ ਸਜ਼ਾ ਕੱਟ ਰਹੇ ਸਨ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਸ਼ਰਮਨਾਕ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਵਿੱਚ ਕਈ ਖਾਮੀਆਂ ਹਨ। ਇੰਨਾ ਹੀ ਨਹੀਂ ਪੰਜਾਬ ਪੁਲਿਸ ਦੀ ਸ਼ਮੂਲੀਅਤ ਵੀ ਸ਼ੱਕ ਦੇ ਘੇਰੇ ਵਿਚ ਹੈ। ਜੇਕਰ ਇਹ ਘਟਨਾ ਉਸ ਦਿਨ ਵਾਪਰ ਜਾਂਦੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਸੀ।
ਪੰਜਾਬ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਦੀ ਐਫਆਈਆਰ ਅਤੇ ਜਾਂਚ ‘ਤੇ ਸਵਾਲ ਉਠਾ ਚੁੱਕੇ ਹਨ। ਬਿਕਰਮ ਮਜੀਠੀਆ ਨੇ ਮੀਡੀਆ ਸਾਹਮਣੇ ਕਈ ਵੀਡੀਓਜ਼ ਪੇਸ਼ ਕੀਤੀਆਂ। ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਨਰਾਇਣ ਸਿੰਘ ਚੌੜਾ ਇਕੱਲਾ ਨਹੀਂ ਸੀ। ਉਸ ਦੇ ਨਾਲ ਦੇਖਿਆ ਗਿਆ ਇਕ ਹੋਰ ਵਿਅਕਤੀ ਵੀ ਸੀ, ਜੋ ਖੁਦ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ।