ਜੰਮੂ-ਕਸ਼ਮੀਰ, 25 ਦਸੰਬਰ 2024 – ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਮੰਗਲਵਾਰ ਸ਼ਾਮ ਨੂੰ ਫੌਜ ਦੀ ਇਕ ਵੈਨ 350 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਵੈਨ ਵਿੱਚ 18 ਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ। ਇਸ ਦੇ ਨਾਲ ਹੀ 13 ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੀ ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤਲਾਸ਼ੀ ਮੁਹਿੰਮ ਖਤਮ ਹੋ ਗਈ ਹੈ।
ਫੌਜ ਨੇ ਦੱਸਿਆ ਕਿ ਕਾਫਲੇ ‘ਚ 6 ਵਾਹਨ ਸਨ, ਜੋ ਪੁੰਛ ਜ਼ਿਲੇ ਦੇ ਨੇੜੇ ਅਪਰੇਸ਼ਨਲ ਟਰੈਕ ਰਾਹੀਂ ਬਣੋਈ ਖੇਤਰ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਵਾਹਨ ਦਾ ਡਰਾਈਵਰ ਵੈਨ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਵੈਨ ਖਾਈ ਵਿੱਚ ਜਾ ਡਿੱਗੀ।
ਹਾਦਸੇ ਵਿੱਚ ਸ਼ਾਮਲ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਦੱਸੇ ਜਾਂਦੇ ਹਨ। ਫੌਜ ਨੇ ਇਸ ਘਟਨਾ ਵਿੱਚ ਕਿਸੇ ਅੱਤਵਾਦੀ ਕੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।