ਮੱਧ ਪ੍ਰਦੇਸ਼, 25 ਦਸੰਬਰ 2024 – ਬੈਤੂਲ ‘ਚ ਅਦਾਲਤ ਨੇ ਕ੍ਰਿਕਟਰ ਨਮਨ ਓਝਾ ਦੇ ਪਿਤਾ ਵਿਨੈ ਕੁਮਾਰ ਓਝਾ ਨੂੰ 7 ਸਾਲ ਦੀ ਕੈਦ ਅਤੇ 14 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਸਾਲ 2013 ‘ਚ ਬੈਂਕ ਆਫ ਮਹਾਰਾਸ਼ਟਰ ਦੀ ਜੌਲਖੇੜਾ ਬ੍ਰਾਂਚ ‘ਚ 1.25 ਕਰੋੜ ਰੁਪਏ ਦਾ ਗਬਨ ਕਰਨ ਦਾ ਦੋਸ਼ ਸੀ। ਅਦਾਲਤ ਨੇ ਉਸ ਦੇ ਨਾਲ ਤਿੰਨ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਸੁਣਾਈ ਹੈ। ਚਾਰਾਂ ਮੁਲਜ਼ਮਾਂ ਨੇ ਸਾਂਝੇ ਤੌਰ ‘ਤੇ ਜਾਅਲੀ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਖਾਤੇ ਖੋਲ੍ਹੇ ਸਨ ਅਤੇ ਉਸ ਵਿੱਚ ਕਰਜ਼ਾ ਟਰਾਂਸਫਰ ਕਰਕੇ ਪੈਸੇ ਕਢਵਾ ਲਏ ਸਨ।
ਮੁਲਤਾਈ ਦੀ ਐਡੀਸ਼ਨਲ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ 11 ਸਾਲ ਪੁਰਾਣੇ ਮਾਮਲੇ ‘ਚ ਇਹ ਸਜ਼ਾ ਸੁਣਾਈ। ਜਦੋਂ ਇਹ ਗਬਨ ਹੋਇਆ ਤਾਂ ਨਮਨ ਦੇ ਪਿਤਾ ਬੈਂਕ ਆਫ ਮਹਾਰਾਸ਼ਟਰ ਦੀ ਜੌਲਖੇੜਾ ਸ਼ਾਖਾ ਵਿੱਚ ਮੈਨੇਜਰ ਸਨ। ਅਦਾਲਤ ਨੇ ਇਸ ਮਾਮਲੇ ਵਿੱਚ ਬੈਂਕ ਦੀ ਮੁਲਤਾਈ ਸ਼ਾਖਾ ਦੇ ਮੈਨੇਜਰ ਅਭਿਸ਼ੇਕ ਰਤਨਮ ਅਤੇ ਦੋ ਹੋਰ ਮੁਲਜ਼ਮਾਂ ਧਨਰਾਜ ਅਤੇ ਲਖਨਲਾਲ ਪਵਾਰ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਹੈ।
ਨਮਨ ਦੇ ਪਿਤਾ ਵਿਨੈ ਓਝਾ ਖਿਲਾਫ 2014 ‘ਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਉਹ ਫਰਾਰ ਸੀ। ਪੁਲਿਸ 8 ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਿਨੈ ਓਝਾ ਨੂੰ ਪੁਲਿਸ ਨੇ 2022 ਵਿੱਚ ਗ੍ਰਿਫ਼ਤਾਰ ਕੀਤਾ ਸੀ। ਚਾਰੇ ਮੁਲਜ਼ਮ ਫਿਲਹਾਲ ਜ਼ਮਾਨਤ ‘ਤੇ ਬਾਹਰ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਨੂੰ ਮੰਗਲਵਾਰ ਨੂੰ ਮੁਲਤਾਈ ਜੇਲ੍ਹ ਭੇਜ ਦਿੱਤਾ ਗਿਆ।