ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰ ਕਰੇਗਾ ਪੰਜਾਬ: ਆਲੋਕ ਸ਼ੇਖਰ

  • ਸਹਿਕਾਰਤਾ ਸੰਮੇਲਨ ਪੰਜਾਬ ਨੂੰ ਸੰਬੋਧਨ ਕਰਦਿਆਂ ਵਧੀਕ ਮੁੱਕ ਸਕੱਤਰ, ਸਹਿਕਾਰਤਾ, ਨੇ ਡੇਅਰੀ ਅਧਾਰਤ ਕੋਆਪ੍ਰੇਟਿਵ ਸੋਸਾਇਟੀਆਂ ਦੀ ਸਫਲਤਾ ਦੀ ਕੀਤੀ ਸ਼ਲਾਘਾ
  • ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀਜ਼ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਵਿੱਚ ਸਹਿਕਾਰੀ ਲਹਿਰ ਨੂੰ ਤੇਜ਼ ਕਰਨ ਲਈ ਕੀਤੀਆਂ ਪਹਿਲਕਦਮੀਆਂ ਨੂੰ ਕੀਤਾ ਸਾਂਝਾ
  • ਕੋਆਪ੍ਰੇਟਿਵ ਸੋਸਾਇਟੀਆਂ ਦੇ ਪ੍ਰਤੀਨਿਧ ਕਿਸਾਨਾਂ ਨੇ ਸਫਲਤਾ ਦੀਆਂ ਕਹਾਣੀਆਂ ਕੀਤੀ ਸਾਂਝੀਆਂ, ਦਿੱਤਾ ਕੀਮਤੀ ਫੀਡਬੈਕ

ਚੰਡੀਗੜ੍ਹ, 25 ਦਸੰਬਰ 2024 – ਪੰਜਾਬ ਵੱਲੋਂ ਖੇਤੀ ਵਿਭਿੰਨਤਾ ਅਤੇ ਪੇਂਡੂ ਵਿਕਾਸ ਰਾਹੀਂ ਖੇਤੀਬਾੜੀ ਵਿਕਾਸ ਲਈ ਅਪਣਾਈਆਂ ਜਾ ਰਹੀਆਂ ਨਵੀਨਤਾਕਾਰੀ ਰਣਨੀਤੀਆਂ ਦੇ ਮੱਦੇਨਜ਼ਰ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਸ੍ਰੀ ਅਲੋਕ ਸ਼ੇਖਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੀ ਮਦਦ ਅਤੇ ਨਵੀਆਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਐਮ.ਪੈਕਸ) ਦੀ ਸਥਾਪਨਾ ਨਾਲ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਅੱਜ ਇੱਥੇ ਪੰਜਾਬ ਭਵਨ ਵਿਖੇ ਹੋਏ ‘ਸਹਿਕਾਰਤਾ ਸੰਮੇਲਨ ਪੰਜਾਬ’ ਦੌਰਾਨ ਸ੍ਰੀ ਅਲੋਕ ਸ਼ੇਖਰ ਨੇ ਡੇਅਰੀ ਅਧਾਰਤ ਸੁਸਾਇਟੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਮੱਛੀ ਪਾਲਣ ਨੂੰ ਹੁਲਾਰਾ ਦੇਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਸੂਬੇ ਦੇ ਤਾਲਾਬਾਂ ਦੇ ਵਿਆਪਕ ਨੈੱਟਵਰਕ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਹ ਸਮਾਗਮ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਸਥਾਪਨਾ ਲਈ ਦੇਸ਼ ਵਿਆਪੀ ਪਹਿਲਕਦਮੀ ਦਾ ਹਿੱਸਾ ਸੀ।

ਸ੍ਰੀ ਸ਼ੇਖਰ ਨੇ ਕਿਹਾ ਕਿ ਪੰਜਾਬ ਵਿੱਚ 13,000 ਦੇ ਕਰੀਬ ਪਿੰਡ ਹਨ, ਜਿਨ੍ਹਾਂ ਵਿੱਚ ਲਗਭਗ 18,000 ਛੱਪੜ ਹਨ ਜੋ ਮੱਛੀ ਪਾਲਣ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਤਾਲਾਬ ਸਮੇਂ ਦੇ ਨਾਲ ਸੁੱਕ ਗਏ ਹਨ, ਜਿੰਨ੍ਹਾਂ ਨੂੰ ਪੁਨਰ ਸੁਰਜੀਤ ਕਰਨ ਲਈ ਫੌਰੀ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਨਾਲ ਨਾ ਸਿਰਫ਼ ਮੱਛੀ ਪਾਲਣ ਨੂੰ ਹੁਲਾਰਾ ਮਿਲੇਗਾ ਸਗੋਂ ਪੇਂਡੂ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਵੀ ਯੋਗਦਾਨ ਪਵੇਗਾ।

ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼੍ਰੀ ਸ਼ੇਖਰ ਨੇ ਮੌਜੂਦਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਨੂੰ ਉਤਸ਼ਾਹਿਤ ਕਰਨ ਅਤੇ ਨਵੀਆਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੀ ਸਥਾਪਨਾ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀਆਂ ਮੱਛੀ ਫਾਰਮਾਂ ਦੀ ਸਥਾਪਨਾ, ਉਤਪਾਦਾਂ ਦੇ ਮੰਡੀਕਰਨ ਅਤੇ ਕਿਸਾਨਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾ ਦੇ ਇੱਕ ਪ੍ਰਤੀਨਿਧੀ ਕਿਸਾਨ ਦੇ ਸੁਝਾਅ ਦਾ ਸੁਆਗਤ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਹੋਰ ਭਾਈਵਾਲਾਂ ਨਾਲ ਲਗਾਤਾਰ ਅਜਿਹੇ ਸੈਸ਼ਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫੀਡਬੈਕ ਪ੍ਰਣਾਲੀ ਨੂੰ ਮਜ਼ਬੂਤ ਕਰਨ, ਸ਼ਿਕਾਇਤਾਂ ਨੂੰ ਹੱਲ ਕਰਨ, ਅਤੇ ਵਿਚਾਰ-ਚਰਚਾ ਰਾਹੀਂ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਮੰਤਵ ਲਈ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਵਿਕਾਸ ਲਈ ਇੱਕ ਮਜ਼ਬੂਤ ਅਤੇ ਮੁਕੰਮਲ ਪਹੁੰਚ ਨੂੰ ਯਕੀਨੀ ਬਣਾਉਂਦੇ ਹੋਏ, ਜ਼ਿਲ੍ਹਾ ਅਤੇ ਰਾਜ ਦੋਵਾਂ ਪੱਧਰਾਂ ‘ਤੇ ਅਜਿਹੇ ਸਮਾਗਮਾਂ ਨੂੰ ਕਰਵਾਉਂਦੇ ਰਹਿਣ।

ਇਸ ਤੋਂ ਪਹਿਲਾਂ, ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ, ਸ੍ਰੀ ਵਿਮਲ ਕੁਮਾਰ ਸੇਤੀਆ ਨੇ ਵਧੀਕ ਮੁੱਕ ਸਕੱਤਰ, ਸਹਿਕਾਰਤਾ, ਸ੍ਰੀ ਅਲੋਕ ਸ਼ੇਖਰ, ਸਕੱਤਰ, ਸਹਿਕਾਰਤਾ, ਸ਼੍ਰੀਮਤੀ ਰਿਤੂ ਅਗਰਵਾਲ ਅਤੇ ਹੋਰ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਸੇਤੀਆ ਨੇ ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਮੋਹਰੀ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਪੰਜਾਬ ਦੀ ਸਹਿਕਾਰੀ ਲਹਿਰ ‘ਤੇ ਪਰਿਵਰਤਨਸ਼ੀਲ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਦੀ ਆਮਦਨ ਨੂੰ ਵਧਾਉਣ ਅਤੇ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਯੋਗ ਬਣ ਸਕਦੀਆਂ ਹਨ। ਉਨ੍ਹਾਂ ਨੇ ਅੱਜ ਦੇ ਸਮਾਗਮ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਇਸ ਲਾਭਕਾਰੀ ਅਤੇ ਮਹੱਤਵਪੂਰਨ ਸੰਮੇਲਨ ਲਈ ਮੁੱਢ ਬੰਨ੍ਹਿਆ।

ਇਸ ਸੰਮੇਲਨ ਦੌਰਾਨ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਕਿਸਾਨਾਂ ਸ. ਰਵਿੰਦਰ ਸਿੰਘ, ਸ. ਗੁਰਬਾਜ ਸਿੰਘ, ਅਤੇ ਸ. ਗੁਰਦੇਵ ਸਿੰਘ ਨੇ ਆਪਣੀਆਂ ਪ੍ਰੇਰਣਾਦਾਇਕ ਸਫਲਤਾ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਬਹੁਮੁੱਲੀ ਫੀਡਬੈਕ ਪੇਸ਼ ਕੀਤੀ। ਉਨ੍ਹਾਂ ਸਹਿਕਾਰੀ ਪਹਿਲਕਦਮੀਆਂ ਦੇ ਜ਼ਮੀਨੀ ਪੱਧਰ ਦੇ ਪ੍ਰਭਾਵ ਬਾਰੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਵੀ ਪ੍ਰਦਾਨ ਕੀਤਾ।

ਇਸੇ ਦੌਰਾਨ ਵਧੀਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਸੰਦੀਪ ਕੁਮਾਰ ਨੇ ਪੰਜਾਬ ਸਹਿਕਾਰਤਾ ਵਿਭਾਗ ਦੇ ਵਿਭਿੰਨ ਕਾਰਜਾਂ, ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੀ ਬਾਰੀਕੀ ਨਾਲ ਰੂਪਰੇਖਾ ਦਿੰਦੇ ਹੋਏ ਇੱਕ ਵਿਆਪਕ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ। ਸਮਾਗਮ ਦੀ ਸਮਾਪਤੀ ਸ਼ੂਗਰਫੈੱਡ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੇਨੂ ਦੁੱਗਲ ਵੱਲੋਂ ਧੰਨਵਾਦ ਮਤੇ ਦੇ ਨਾਲ ਹੋਈ, ਜਿਸ ਵਿੱਚ ਸਾਰੇ ਹਾਜ਼ਰੀਨ ਅਤੇ ਭਾਗੀਦਾਰਾਂ ਦਾ ਇਕੱਠ ਵਿੱਚ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜ਼ਮੀਨਦੋਜ਼ ਪਾਈਪਲਾਈਨ ਆਧਾਰਤ ਸਿੰਜਾਈ ਨੈੱਟਵਰਕ ਦੇ ਵਿਸਥਾਰ ਲਈ 277 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ

ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਹਾਦਸ਼ੇ ਦਾ ਸ਼ਿਕਾਰ