ਜਲੰਧਰ, 6 ਜਨਵਰੀ 2025 – ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦਰਮਿਆਨ ਭਾਜਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਜਪਾ ਦਾ ਕਹਿਣਾ ਹੈ ਕਿ ਕੇਂਦਰ ਹਮੇਸ਼ਾ ਕਿਸਾਨਾਂ ਨਾਲ ਗੱਲ ਕਰਨ ਲਈ ਰਾਜ਼ੀ ਹੈ ਪਰ ਗੱਲ ਕਿਸ ਨਾਲ ਕਰੀਏ। ਭਾਜਪਾ ਦੇ ਆਗੂ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਆਪਣਾ ਆਪਸੀ ਭਾਈਚਾਰਾ ਕਾਇਮ ਕਰਨ ਅਤੇ ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲ ਕਰਨ ਦੀ ਮੰਗ ਰੱਖਣ। ਸਾਬਕਾ ਐੱਮ. ਪੀ. ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਵੱਲੋਂ ਅੱਜ ਜਲੰਧਰ ਦੇ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕਿਸਾਨਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਲਈ ਹਮੇਸ਼ਾ ਆਪਣੇ ਰਾਹ ਖੋਲ੍ਹੇ ਹਨ ਪਰ ਕਿਸਾਨ ਆਪਣੇ ਰਸਤਿਆਂ ਨੂੰ ‘ਆਪ’ ਬੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਕੇਂਦਰ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਇਕੱਠੇ ਹੋ ਜਾਣ ਆਪਸੀ ਤਾਲਮੇਲ ਬਣਾ ਲੈਣ ਕਿਉਂਕਿ ਕੇਂਦਰ ਇਕ ਧੜੇ ਨਾਲ ਗੱਲ ਕਰਕੇ ਖ਼ੁਸ਼ ਨਹੀਂ ਹੈ ਕਿਉਂਕਿ ਜਦੋਂ ਇਕ ਧੜੇ ਨਾਲ ਗੱਲਬਾਤ ਕੀਤੀ ਤਾਂ ਦੂਜੇ ਧੜੇ ਵੱਲੋਂ ਦੋਬਾਰਾ ਧਰਨਾ ਲਗਾ ਲਿੱਤਾ ਜਾਵੇਗਾ। ਇਸ ਦੇ ਵਿੱਚ ਕੇਂਦਰ ਹਮੇਸ਼ਾ ਫਸਿਆ ਰਹੇਗਾ, ਜਿਸ ਕਾਰਨ ਕਿਸਾਨ ਇਕ ਵਾਰ ਪਹਿਲਾਂ ਆਪਣਾ ਏਕਾ ਕਾਇਮ ਕਰਨ ਅਤੇ ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਮੰਗ ਰੱਖਣ।