ਚੰਡੀਗੜ੍ਹ, 8 ਜਨਵਰੀ 2025 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਵਿਦੇਸ਼ਾਂ ‘ਚ ਲੁਕੇ ਅੱਤਵਾਦੀ ਅਤੇ ਚੰਡੀਗੜ੍ਹ ਦੀ ਕੋਠੀ ਅਤੇ ਪੰਜਾਬ ਦੇ ਥਾਣਿਆਂ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਸਟਰ ਮਾਈਂਡ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲੋਕ ਟੈਲੀਫੋਨ, ਵਟਸਐਪ ਅਤੇ ਈਮੇਲ ਰਾਹੀਂ NIA ਨੂੰ ਜਾਣਕਾਰੀ ਦੇ ਸਕਣਗੇ। ਇਸ ਲਈ ਨੰਬਰ ਜਾਰੀ ਕੀਤੇ ਗਏ ਹਨ।
ਹਾਲ ਹੀ ‘ਚ ਚੰਡੀਗੜ੍ਹ ‘ਚ ਕੋਠੀ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ‘ਚ NIA ਨੇ ਅੱਤਵਾਦੀ ਹੈਪੀ ਪਾਸੀਆ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ। ਇਸ ਅਰਜ਼ੀ ‘ਤੇ 9 ਜਨਵਰੀ ਨੂੰ ਫੈਸਲਾ ਲਿਆ ਜਾਵੇਗਾ।
ਪਿਛਲੇ ਸਾਲ 11 ਸਤੰਬਰ ਨੂੰ ਸੈਕਟਰ-10 ਸਥਿਤ ਕੋਠੀ ਨੰਬਰ 575 ‘ਤੇ ਗ੍ਰਨੇਡ ਹਮਲਾ ਹੋਇਆ ਸੀ। ਇੱਥੇ ਰੋਹਨ ਅਤੇ ਵਿਸ਼ਾਲ ਮਸੀਹ ਨਾਂ ਦੇ ਦੋ ਨੌਜਵਾਨ ਹੈਂਡ ਗ੍ਰੇਨੇਡ ਸੁੱਟ ਕੇ ਭੱਜ ਗਏ। ਅਮਰੀਕਾ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੇ ਇੰਟਰਨੈੱਟ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਹੈਪੀ ਪਾਸੀਆ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਹੈ। ਉਸ ਦੇ ਜ਼ਰੀਏ ਹੀ ਇਸ ਹਮਲੇ ਦੇ ਦੋਸ਼ੀਆਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ।