- 2 ਪਿਸਤੌਲ ਅਤੇ ਫਾਰਚੂਨਰ ਬਰਾਮਦ
ਫਰੀਦਕੋਟ, 8 ਜਨਵਰੀ 2025 – ਫਰੀਦਕੋਟ ‘ਚ ਮੰਗਲਵਾਰ ਅੱਧੀ ਰਾਤ ਨੂੰ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਬੰਬੀਹਾ ਗੈਂਗ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਗਿਆ। ਕਰਾਸ ਫਾਇਰਿੰਗ ‘ਚ ਦੋਵੇਂ ਬਦਮਾਸ਼ ਵੀ ਜ਼ਖਮੀ ਹੋ ਗਏ। ਇਨ੍ਹਾਂ ਕੋਲੋਂ 2 ਪਿਸਤੌਲ, 6 ਕਾਰਤੂਸ ਅਤੇ ਇਕ ਫਾਰਚੂਨਰ ਕਾਰ ਬਰਾਮਦ ਹੋਈ ਹੈ।
ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ਼ ਰੂਸਾ ਵਾਸੀ ਪਿੰਡ ਬਹਿਬਲ ਕਲਾਂ ਜ਼ਿਲ੍ਹਾ ਫ਼ਰੀਦਕੋਟ ਅਤੇ ਸੁਖਜੀਤ ਸਿੰਘ ਉਰਫ਼ ਸੁੱਖ ਰੋਮਾਣਾ ਵਾਸੀ ਪਿੰਡ ਰੋਮਾਣਾ ਅਲਬੇਲ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਬੰਬੀਹਾ ਗੈਂਗ ਦੇ ਬਦਨਾਮ ਗੈਂਗਸਟਰ ਸਿੰਮਾ ਬਹਿਬਲ ਦੇ ਸਾਥੀ ਹਨ। ਇਹ ਦੋਵੇਂ ਇਲਾਕੇ ਦੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦੇ ਸਨ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਸੀਆਈਏ ਸਟਾਫ ਜੈਤੋ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੋੜੀਂਦੇ ਗੈਂਗਸਟਰ ਸਿੰਮਾ ਬਹਿਬਲ ਨਾਲ ਸਬੰਧਤ ਕੁਝ ਬਦਮਾਸ਼ ਇਲਾਕੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਮੁਲਜ਼ਮਾਂ ਦੀ ਹਰਕਤ ਫਰੀਦਕੋਟ ਦੇ ਕੋਟਕਪੂਰਾ ਇਲਾਕੇ ਵਿੱਚ ਦੇਖੀ ਗਈ।
ਇਸ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ ਸਟਾਫ ਜੈਤੋ ਅਤੇ ਪੁਲਿਸ ਨੇ ਬੀੜ ਸਿੱਖਾਂ ਵਾਲਾ ਦੇ ਕੋਲ ਨਾਕਾਬੰਦੀ ਕੀਤੀ। ਮੰਗਲਵਾਰ ਰਾਤ ਨੂੰ ਇੱਕ ਫਾਰਚੂਨਰ ਕਾਰ ਨਾਕੇ ‘ਤੇ ਪਹੁੰਚੀ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹੱਥ ਦੇ ਕੇ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਨਹੀਂ ਰੁਕੀ। ਇਸ ਦੀ ਬਜਾਏ ਗੱਡੀ ‘ਚ ਸਵਾਰ ਲੋਕਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਐਸਐਸਪੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜਿਸ ਵਿੱਚ ਦੋਵੇਂ ਮੁਲਜ਼ਮ ਗੋਲੀਆਂ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਹਾਂ ਦੀਆਂ ਲੱਤਾਂ ‘ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਗੈਂਗਸਟਰ ਸਿੰਮਾ ਬਹਿਬਲ ਵੀ ਪੁਲੀਸ ਨੂੰ ਲੋੜੀਂਦਾ ਹੈ, ਜਿਸ ਖ਼ਿਲਾਫ਼ ਕੁੱਲ 26 ਕੇਸ ਦਰਜ ਹਨ। ਇਹ ਦੋਵੇਂ ਮੁਲਜ਼ਮ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਥਾਣਾ ਬਾਜਾਖਾਨਾ ਵਿੱਚ ਦਰਜ ਹੋਏ ਸੰਗਠਿਤ ਅਪਰਾਧ ਦੇ ਕੇਸ ਵਿੱਚ ਵੀ ਲੋੜੀਂਦੇ ਸਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਸੁਖਜੀਤ ਸੁੱਖ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਵਿੱਚ ਵੀ ਕੇਸ ਦਰਜ ਹੈ।
ਦੱਸ ਦੇਈਏ ਕਿ ਗੈਂਗਸਟਰ ਸਿੰਮਾ ਬਹਿਬਲ ਦਾ ਪਿਤਾ ਗੁਰਮੁਖ ਸਿੰਘ ਪਿਛਲੇ ਸਾਲ ਪੰਚਾਇਤੀ ਚੋਣਾਂ ਲੜ ਰਿਹਾ ਸੀ। ਉਸ ਨੂੰ ਜਿਤਾਉਣ ਲਈ ਗੈਂਗਸਟਰ ਨੇ ਆਪਣੇ ਸਾਥੀਆਂ ਨੂੰ ਹਥਿਆਰਾਂ ਸਮੇਤ ਪਿੰਡ ਭੇਜਿਆ ਅਤੇ ਸਾਰੇ ਲੋਕਾਂ ਨੂੰ ਗੁਰਮੁਖ ਸਿੰਘ ਨੂੰ ਹੀ ਵੋਟ ਪਾਉਣ ਦੀ ਚੇਤਾਵਨੀ ਦਿੱਤੀ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਦੋਸ਼ੀ ਫਰਾਰ ਹੋ ਗਿਆ।
ਗੈਂਗਸਟਰਾਂ ਦੇ ਡਰ ਕਾਰਨ ਇਸ ਪਿੰਡ ਵਿੱਚ ਕਿਸੇ ਨੇ ਨਾਮਜ਼ਦਗੀ ਵੀ ਨਹੀਂ ਭਰੀ ਸੀ। ਇਸ ਮਗਰੋਂ ਪੁਲੀਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਹ ਉਹੀ ਮੁਲਜ਼ਮ ਸੀ, ਜਿਸ ਨੂੰ ਹੁਣ ਪੁਲਿਸ ਨੇ ਐਨਕਾਊਂਟਰ ਵਿੱਚ ਫੜ ਲਿਆ ਹੈ।