ਜਲੰਧਰ, 8 ਜਨਵਰੀ 2025 – ਜਲੰਧਰ ਤੋਂ ਭਾਜਪਾ ਤੋਂ ਕੌਂਸਲਰ ਚੁਣੀ ਗਈ ਸੱਤਿਆ ਰਾਣੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਸੱਤਿਆ ਰਾਣੀ ਆਪਣੇ ਪਰਿਵਾਰ ਸਮੇਤ ‘ਆਪ’ ‘ਚ ਸ਼ਾਮਲ ਹੋ ਗਈ ਹੈ। ਉਹ ਭਾਜਪਾ ਦੀ ਟਿਕਟ ‘ਤੇ ਕੌਂਸਲਰ ਬਣੀ ਹੈ। ਉਨ੍ਹਾਂ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਛੂਹ ਗਈ ਹੈ। ਹਾਲਾਂਕਿ ਚਰਚਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਦੇ 2 ਤੋਂ 3 ਹੋਰ ਕੌਂਸਲਰਾਂ ਨੂੰ ਆਪ ‘ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਮਜ਼ਬੂਤ ਜ਼ਮੀਨ ਤਿਆਰ ਕੀਤੀ ਜਾ ਸਕੇ।
ਦੱਸ ਦੇਈਏ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਨੂੰ 21 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਕਿਸੇ ਵੀ ਨਗਰ ਨਿਗਮ ਦੇ ਮੇਅਰ ਦੀ ਚੋਣ ਨਹੀਂ ਹੋਈ ਹੈ। ਦਰਅਸਲ ਚੋਣ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਸਾਰੀਆਂ ਪਾਰਟੀਆਂ ਲਾਬਿੰਗ ਵਿੱਚ ਲੱਗੀਆਂ ਹੋਈਆਂ ਸਨ। ਲੁਧਿਆਣੇ ਵਿੱਚ ਦਲ-ਬਦਲੀ ਦੀ ਖੇਡ ਅਜੇ ਵੀ ਜਾਰੀ ਹੈ।
ਆਉਣ ਵਾਲੇ ਦਿਨਾਂ ਵਿੱਚ ਮੇਅਰ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਕੌਂਸਲਰ ਵਿਨੀਤ ਧੀਰ ਨੂੰ ਜਲੰਧਰ ਦਾ ਮੇਅਰ ਬਣਾਏਗੀ। ਇਸ ਦਾ ਸਿਰਫ਼ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਲਈ ਮਜ਼ਬੂਤ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ।
ਜਿਸ ਕਾਰਨ ਅੱਜ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਹਿੰਦਰ ਭਾਗਨ ਨੇ ਭਾਜਪਾ ਦੀ ਕੌਂਸਲਰ ਸੱਤਿਆ ਰਾਣੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ। ਸੱਤਿਆ ਰਾਣੀ ਜਲੰਧਰ ਕੈਂਟ ਇਲਾਕੇ ਦੀ ਰਹਿਣ ਵਾਲੀ ਸੀ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਹਾਈਕਮਾਂਡ ਵੱਲੋਂ ਕੌਂਸਲਰ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।