ਚੰਡੀਗੜ੍ਹ, 20 ਜਨਵਰੀ 2021 – ਪੰੰਜਾਬ ਸਕੂਲ ਸਿੱਖਿਆ ਵਿਭਾਗ ਨੇ ਐਜੂਸੈਟ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਜੂਸੈਟ ਦੇ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਾਸਤੇ ਜਨਵਰੀ ਅਤੇ ਫਰਵਰੀ ਮਹੀਨੇ ਵਾਸਤੇ ਸਮਾ ਸਾਰਨੀ ਬਣਾਈ ਗਈ ਹੈ ਜਿਸ ਦੇ ਅਨੁਸਾਰ 21 ਜਨਵਰੀ ਨੂੰ ਪਹਿਲਾ ਲੈਕਚਰ ਹੋਵੇਗਾ ਅਤੇ ਇਹ ਲੈਕਚਰ 6 ਫਰਵਰੀ ਤੱਕ ਚੱਲਣਗੇ। ਇਸ ਦੌਰਾਨ ਵਿਦਿਆਰਥੀਆ ਨੂੰ ਪੇਪਰਾਂ ਦੇ ਹੱਲ ਵਾਸਤੇ ਨੁਕਤੇ ਦੱਸਣ ਤੋਂ ਇਲਾਵਾ ‘ਸਵਾਗਤ ਜ਼ਿੰਦਗੀ’ ਵਿਸ਼ੇ ਅਤੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਪ੍ਰੇਰਨਾਮਈ ਲੈਕਚਰ ਦਿੱਤੇ ਜਾਣਗੇ। 21 ਜਨਵਰੀ ਨੂੰ ਪਹਿਲਾ ਲੈਕਚਰ ‘ਸਮਾਜ ਸੁਧਾਰ-ਨਸ਼ੇ ਅਤੇ ਬੁਰੀ ਸੰਗਤ ਦਾ ਤਿਆਗ’ ਵਿਸ਼ੇ ’ਤੇ ਹੋਵੇਗਾ।
ਬੁਲਾਰੇ ਅਨੁਸਾਰ ਇਹ ਲੈਕਚਰ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ ਜ਼ਿਆਦਾਤਰ ਲੈਕਚਰ ਤੀਜੇ ਅਤੇ ਚੌਥੇ ਪੀਰੀਅਡ ਦੌਰਾਨ ਸਵੇਰੇ 11.25 ਤੋਂ ਦੁਪਹਿਰ 12 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਹੋਣਗੇ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ (ਸੀਨੀਅਰ ਸੈਕੰਡਰੀ) ਨੇ ਸਾਰੇ ਵਿਦਿਆਰਥੀਆਂ ਨੂੰ ਇਹ ਲੈਕਚਰ ਦਿਖਾਉਣ ਨੂੰ ਯਕੀਨੀ ਬਨਾਉਣ ਲਈ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਦਿਆਰਥੀ ਇਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।