ਪੰਜਾਬ ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ

  • ਕਪੂਰਥਲਾ ਵਿੱਚ ਲੜਕੀਆਂ ਲਈ ਜਲਦੀ ਖੋਲ੍ਹਿਆ ਜਾਵੇਗਾ ਸੀ-ਪਾਈਟ ਕੈਂਪ: ਅਮਨ ਅਰੋੜਾ
  • ਰੋਜ਼ਗਾਰ ਉਤਪਤੀ ਮੰਤਰੀ ਨੇ ਸੀ-ਪਾਈਟ ਦੀ ਗਵਰਨਿੰਗ ਕੌਂਸਲ ਮੀਟਿੰਗ ਦੀ ਕੀਤੀ ਪ੍ਰਧਾਨਗੀ

ਚੰਡੀਗੜ੍ਹ, 15 ਜਨਵਰੀ 2025 – ਸੂਬੇ ਦੀਆਂ ਲੜਕੀਆਂ ਨੂੰ ਹੋਰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਮਿਸਾਲੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪਾਂ ਰਾਹੀਂ ਪਹਿਲੀ ਵਾਰ 265 ਲੜਕੀਆਂ ਨੂੰ ਫੌਜ, ਸੀ.ਏ.ਪੀ.ਐਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਲਈ ਸਿਖਲਾਈ ਦਿੱਤੀ ਹੈ।

ਇਹ ਜਾਣਕਾਰੀ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਆਪਣੇ ਦਫ਼ਤਰ ਵਿਖੇ ਸੀ-ਪਾਈਟ ਦੀ 5ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਇੱਕ ਹੋਰ ਅਹਿਮ ਫ਼ੈਸਲੇ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਲਦੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਥੇਹ ਕਾਂਜਲਾ ਵਿਖੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਇੱਕ ਵਿਸ਼ੇਸ਼ ਸੀ-ਪਾਈਟ ਕੈਂਪ ਖੋਲ੍ਹਿਆ ਜਾਵੇਗਾ ਅਤੇ ਇਹ ਕੈਂਪ ਪੂਰੀ ਤਰ੍ਹਾਂ ਮਹਿਲਾ ਸਟਾਫ਼ ਦੀ ਦੇਖ-ਰੇਖ ਹੇਠ ਹੀ ਚਲਾਇਆ ਜਾਵੇਗਾ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਹੋਰ ਸੀ-ਪਾਈਟ ਕੈਂਪ ਵੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਪੁਲਿਸ, ਹਥਿਆਰਬੰਦ ਸੈਨਾਵਾਂ ਅਤੇ ਸੀ.ਏ.ਪੀ.ਐਫ. ਵਿੱਚ ਰੋਜ਼ਗਾਰ ਦੇ ਯੋਗ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ 14 ਸੀ-ਪਾਈਟ ਕੈਂਪ ਕਾਰਜਸ਼ੀਲ ਹਨ।
ਸ੍ਰੀ ਅਮਨ ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਪਿੰਡ ਆਸਲ ਉਤਾੜ (ਤਰਨ ਤਾਰਨ), ਪਿੰਡ ਖੇੜੀ (ਸੰਗਰੂਰ) ਅਤੇ ਬੋਰੇਵਾਲ (ਮਾਨਸਾ) ਵਿਖੇ ਨਿਰਮਾਣ ਅਧੀਨ ਤਿੰਨ ਨਵੇਂ ਕੈਂਪਾਂ ਦੇ ਕੰਮ ਨੂੰ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਨ੍ਹਾਂ ਸੀ-ਪਾਈਟ ਕੈਂਪਾਂ ਰਾਹੀਂ 2,58,760 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 1,15,649 ਨੂੰ ਰੋਜ਼ਗਾਰ ਮਿਲ ਗਿਆ ਹੈ। ਨੌਜਵਾਨਾਂ ਨੂੰ ਵੱਖ-ਵੱਖ ਰੱਖਿਆ ਬਲਾਂ ਲਈ ਸਿਖਲਾਈ ਦੇਣ ਤੋਂ ਇਲਾਵਾ, ਉਨ੍ਹਾਂ ਨੂੰ ਹੋਰ ਖੇਤਰਾਂ ਵਿੱਚ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਘੱਟੋ-ਘੱਟ 150 ਨੌਜਵਾਨਾਂ ਨੂੰ ਡਰੋਨ ਪਾਇਲਟ, 300 ਨੌਜਵਾਨਾਂ ਨੂੰ ਸੁਰੱਖਿਆ ਗਾਰਡ ਅਤੇ 150 ਨੂੰ ਜੇ.ਸੀ.ਬੀ./ਕਰੇਨ ਆਪਰੇਟਰ ਵਜੋਂ ਸਿਖਲਾਈ ਦਿੱਤੀ ਜਾਵੇਗੀ।

ਸੀ-ਪਾਈਟ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਰਾਮਬੀਰ ਸਿੰਘ ਮਾਨ ਨੇ ਦੱਸਿਆ ਕਿ ਸੀ-ਪਾਈਟ ਕੈਂਪਾਂ ਦਾ ਸਟਾਫ਼ ਨੌਜਵਾਨਾਂ ਵਿੱਚ ਕੌਮੀ ਏਕਤਾ, ਅਨੁਸ਼ਾਸਨ, ਸਮਾਜਿਕ ਸਰੋਕਾਰ ਸਮੇਤ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਬਿਹਤਰੀਨ ਨਾਗਰਿਕ ਬਣਾਇਆ ਜਾ ਸਕੇ। ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ, ਪੁਲਿਸ, ਅਰਧ-ਸੈਨਿਕ ਬਲਾਂ ਵਿੱਚ ਰੋਜ਼ਗਾਰ ਲਈ ਤਿਆਰ ਕਰਨ ਤੋਂ ਇਲਾਵਾ ਹੋਰ ਉਦਯੋਗਾਂ ਵਿੱਚ ਨੌਕਰੀ ਦੇ ਸਮਰੱਥ ਬਣਾਉਣ ਲਈ ਵੀ ਸਿਖਲਾਈ ਅਤੇ ਸੇਧ ਦਿੱਤੀ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਉਦਯੋਗ ਵਿਭਾਗ ਦੇ ਸਕੱਤਰ ਸ੍ਰੀ ਡੀ.ਪੀ.ਐਸ. ਖਰਬੰਦਾ, ਆਈ.ਜੀ.ਪੀ. (ਹੈੱਡਕੁਆਟਰ) ਸ੍ਰੀ ਸੁਖਚੈਨ ਸਿੰਘ ਗਿੱਲ, ਵਿਸ਼ੇਸ਼ ਸਕੱਤਰ ਪ੍ਰਸੋਨਲ ਗੌਰੀ ਪਰਾਸ਼ਰ ਜੋਸ਼ੀ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸ੍ਰੀ ਪਰਮਜੀਤ ਸਿੰਘ, ਐਮ.ਡੀ. ਪੈਸਕੋ ਮੇਜਰ ਜਨਰਲ ਹਰਮਨਦੀਪ ਸਿੰਘ, ਵਧੀਕ ਡਾਇਰੈਕਟਰ (ਐਡਮਿਨ) ਸੂਚਨਾ ਤੇ ਲੋਕ ਸੰਪਰਕ ਸ੍ਰੀ ਸੰਦੀਪ ਗਾੜ੍ਹਾ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਯਸ਼ਪਾਲ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

“ਮੈਂ ਤੇਰਾ ਬੰਦਾ ” ਨਾਟਕ ਗੌਰਵਸ਼ਾਲੀ ਇਤਿਹਾਸ ਨੂੰ ਦਰਸਾਉਂਦੀ ਪੇਸ਼ਕਾਰੀ ਸਾਡੇ ਲਈ ਬਣਦੀ ਹੈ ਪ੍ਰੇਰਣਾ ਸਰੋਤ – ਗੁਰਮੀਤ ਖੁੱਡੀਆਂ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਮੁੱਖ ਸਰਗਨਾ ਕਾਬੂ