ਦਿੱਲੀ ਧਰਨੇ ‘ਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਨੂੰ ਬਰਖਾਸਤ ਕਰਕੇ ਕਿਸਾਨਾਂ ਦੀ ਆਵਾਜ਼ ਦਬਾਉਣ ਦਾ ਯਤਨ ਨਾ ਕਰੇ ਕੈਪਟਨ : ਮੀਤ ਹੇਅਰ

… ਬਰਖਾਸਤ ਕਰਮਚਾਰੀਆਂ ਨੂੰ ਬਹਾਲ ਨਾ ਕਰਨ ‘ਤੇ ‘ਆਪ’ ਕਰੇਗੀ ਕੈਪਟਨ ਦਾ ਘਿਰਾਓ
… ਮੋਦੀ ਅਤੇ ਕੈਪਟਨ ਮਿਲਕੇ ਕਿਸਾਨ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਹਨ

ਚੰਡੀਗੜ੍ਹ, 21 ਜਨਵਰੀ 2021 – ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਵਾਲੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਬਰਖਾਸਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਉੱਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ‘ਚ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਕਾਰਨ ਕੈਪਟਨ ਪ੍ਰਸ਼ਾਸਨ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਕੁਝ ਦਿਨ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਅੰਮ੍ਰਿਤਪਾਲ ਸਿੰਘ ਦਾ ਕਸੂਰ ਸਿਰਫ ਇਹ ਸੀ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਰੱਖਣ ਕਾਰਨ ਉਹ ਦਿੱਲੀ ਬਾਰਡਰ ਉੱਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਧਰਨੇ ਵਿੱਚ ਸ਼ਾਮਲ ਹੋਏ ਸਨ।

ਉਨ੍ਹਾਂ ਕਿਹਾ ਕਿ ਕਰਮਚਾਰੀ ਜਥੇਬੰਦੀਆਂ ਦੇ ਮੈਂਬਰਾਂ ਨੇ ਜਦੋਂ ਵੱਡੀ ਗਿਣਤੀ ਵਿੱਚ ਬਰਖਾਸਤਗੀ ਦੇ ਵਿਰੁੱਧ ਡੀਸੀ ਦਫ਼ਤਰ ਬਾਹਰ ਧਰਨੇ ਉੱਤੇ ਬੈਠੇ ਉਦੋਂ ਬਰਖਾਸਤਗੀ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਨੇ ਕਿਸਾਨ ਅੰਦੋਲਨ ਦੇ ਸਮਰਥਕਾਂ ਦੀ ਆਵਾਜ਼ ਦਬਾਉਣ ਲਈ ਆਪਣੇ ਅਧਿਕਾਰੀਆਂ ਨੂੰ ਛੋਟ ਦੇ ਦਿੱਤੀ ਹੈ। ਆਖਿਰ ਕਿਸਦੇ ਇਸ਼ਾਰੇ ਉੱਤੇ ਇਹ ਅਧਿਕਾਰੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਨੂੰ ਬਰਖਾਸਤ ਕਰ ਰਹੇ ਹਨ? ‘ਆਪ’ ਆਗੂ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਰਖਾਸਤ ਕੀਤੇ ਗਏ ਕਰਮਚਾਰੀ ਨੂੰ ਪ੍ਰਸ਼ਾਸਨ ਨੇ ਛੇਤੀ ਬਹਾਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕੈਪਟਨ ਦੇ ਘਰ ਦਾ ਘਿਰਾਓ ਕਰੇਗੀ।

ਮੀਤ ਹੇਅਰ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰਕੇ ਕੈਪਟਨ ਸਰਕਾਰ ਉਨ੍ਹਾਂ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਰੋਕ ਰਹੀ ਹੈ। ਹਰ ਤਰ੍ਹਾਂ ਦੇ ਸਰਕਾਰੀ ਹੱਥਕੰਡੇ ਅਪਣਾਕੇ ਕੈਪਟਨ ਪ੍ਰਸ਼ਾਸਨ ਸਰਕਾਰੀ ਕਰਮਚਾਰੀਆਂ ਨੂੰ ਡਰਾ ਰਿਹਾ ਹੈ, ਤਾਂ ਕਿ ਉਹ ਅੰਦੋਲਨ ਵਿੱਚ ਸ਼ਾਮਲ ਨਾ ਹੋ ਸਕਣ। ਹਜ਼ਾਰਾਂ ਕਰਮਚਾਰੀ ਇਸ ਕੜਾਕੇ ਦੀ ਠੰਢ ‘ਚ ਦਿੱਲੀ ਦੀਆਂ ਸੜਕਾਂ ਉੱਤੇ ਸੰਘਰਸ਼ ਕਰ ਰਹੇ ਆਪਣੇ ਸੂਬੇ ਦੇ ਕਿਸਾਨਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਦਿੱਲੀ ਧਰਨਾ ਸਥਾਨ ਉੱਤੇ ਜਾਣਾ ਚਾਹੁੰਦੇ ਹਨ। ਪਰ ਬਰਖਾਸਤਗੀ ਦੇ ਡਰ ਕਾਰਨ ਉਹ ਦਿੱਲੀ ਨਹੀਂ ਜਾ ਰਹੇ। ਕੈਪਟਨ ਸਰਕਾਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀ ਅੰਦੋਲਨ ਵਿਰੋਧੀ ਗਤੀਵਿਧੀਆਂ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਕੈਪਟਨ ਅੰਦੋਲਨ ਨੂੰ ਕਮਜੋਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਸੱਤਾ ਦੀ ਤਾਕਤ ਦੀ ਵਰਤੋਂ ਕਰ ਰਹੇ ਹਨ।

ਉਨ੍ਹਾਂ ਕੈਪਟਨ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਬਰਖਾਸਤਗੀ ਇਸ ਗੱਲ ਦਾ ਸਬੂਤ ਹੈ ਕਿ ਕੈਪਟਨ, ਮੋਦੀ-ਸ਼ਾਹ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਹਨ। ਕੈਪਟਨ ਆਪਣੇ ਪੁੱਤਰ ਨੂੰ ਈਡੀ ਕੇਸਾਂ ਤੋਂ ਬਚਾਉਣ ਲਈ ਇਤਿਹਾਸਕ ਕਿਸਾਨ ਅੰਦੋਲਨ ਨੂੰ ਕੁਚਲਣ ਦਾ ਯਤਨ ਕਰ ਰਹੀ ਮੋਦੀ ਸਰਕਾਰ ਦਾ ਸਾਥ ਦੇ ਰਹੇ ਹਨ। ਪ੍ਰੰਤੂ ਕੈਪਟਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਅੰਦੋਲਨ ਇਤਿਹਾਸ ਦੀ ਕਿਤਾਬ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਇਸ ਅੰਦੋਲਨ ਨੂੰ ਕੁਚਲਣ ਵਾਲਿਆਂ ਦਾ ਸਾਥ ਦੇਣ ਵਾਲਿਆਂ ਵਿੱਚ ਉਨ੍ਹਾਂ ਦਾ ਨਾਮ ਵੀ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਸੂਬੇ ਭਰ ‘ਚ ਮੋਟਰਸਾਈਕਲ ਰੈਲੀ ਕਰਕੇ ‘ਕਿਸਾਨ ਟਰੈਕਟਰ ਪਰੇਡ’ ਲਈ ਲੋਕਾਂ ਨੂੰ ਕਰੇਗੀ ਲਾਮਬੰਦ

ਆਪ ਵੱਲੋਂ ਲੋਕਲ ਬੌਡੀਜ਼ ਚੋਣਾਂ ਲਈ 35 ਥਾਵਾਂ ‘ਤੇ 320 ਉਮੀਦਵਾਰਾਂ ਦਾ ਐਲਾਨ