ਖਨੌਰੀ, 19 ਜਨਵਰੀ 2025: ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿਚ ਮਰਨ ਵਰਤ ‘ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ ਕਰਨ ‘ਤੇ ਸਹਿਮਤੀ ਬਣ ਗਈ ਹੈ। ਕੁਝ ਹੀ ਦੇਰ ਵਿਚ ਇਨ੍ਹਾਂ ਕਿਸਾਨਾਂ ਦਾ ਮਰਨ ਵਰਤ ਖੁਲ੍ਹਵਾਇਆ ਜਾਵੇਗਾ। ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ਨੀਵਾਰ ਨੂੰ ਕੇਂਦਰ ਨਾਲ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਮੈਡੀਕਲ ਸਹੂਲਤਾਂ ਲੈਣ ਲਈ ਹਾਂ ਕਰ ਦਿੱਤੀ ਗਈ ਹੈ ਤੇ ਦੇਰ ਰਾਤ ਨੂੰ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਦੱਸ ਦਈਏ ਕਿ ਬੀਤੀ 26 ਨਵੰਬਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਦਾ ਇਕ ਵਫ਼ਦ ਸ਼ਨੀਵਾਰ ਨੂੰ ਖਨੌਰੀ ਬਾਰਡਰ ‘ਤੇ ਕਿਸਾਨਾਂ ਨਾਲ ਗੱਲਬਾਤ ਲਈ ਵਿਖੇ ਪੁੱਜਿਆ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੇ ਨਾਲ ਪੰਜਾਬ ਪੁਲਸ ਦੇ ਸਾਬਕਾ ਡੀ.ਆਈ.ਜੀ. ਨਰੇਂਦਰ ਭਾਰਗਵ ਤੇ ਸਾਬਕਾ ਏ.ਡੀ.ਜੀ.ਪੀ. ਜਸਕਰਨ ਸਿੰਘ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਖਨੌਰੀ ਬਾਰਡਰ ਪੁੱਜੇ।
ਇਸ ਤੋਂ ਕੁਝ ਦੇਰ ਬਾਅਦ ਹੀ ਕਿਸਾਨ ਆਗੂਆਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਇਕ ਪ੍ਰਪੋਜ਼ਲ ਕਿਸਾਨਾਂ ਅੱਗੇ ਰੱਖਿਆ ਗਿਆ ਹੈ, ਜਿਸ ਬਾਰੇ ਉਹ ਕੁਝ ਸਮੇਂ ਬਾਅਦ ਹੀ ਪੂਰੀ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ, ਜੋ ਕਿ 54 ਦਿਨਾਂ ਤੋਂ ਲਗਾਤਾਰ ਮਰਨ ਵਰਤ ‘ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਵਿਗੜਦੀ ਹੋਈ ਸਿਹਤ ਨੂੰ ਦੇਖ ਕੇ ਉਨ੍ਹਾਂ ਤੋਂ ਇਲਾਵਾ 121 ਹੋਰ ਕਿਸਾਨ ਵੀ ਮਰਨ ਵਰਤ ‘ਤੇ ਬੈਠ ਗਏ ਸਨ, ਜਿਸ ਮਗਰੋਂ ਅੱਜ ਆਖ਼ਿਰਕਾਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋ ਗਈ ਹੈ ਤੇ ਮੁਲਾਕਾਤ ਮਗਰੋਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 14 ਫਰਵਰੀ ਨੂੰ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਫ਼ਦ ਨਾਲ ਇਹ ਮੁਲਾਕਾਤ 14 ਫਰਵਰੀ ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗੀ।

