ਨਵੀਂ ਦਿੱਲੀ, 23 ਜਨਵਰੀ 2021 – ਬੀਤੇ ਦਿਨ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ 11ਵੇਂ ਗੇੜ ਦੀ ਮੀਟਿੰਗ ਹੋਈ, ਜੋ ਕਿ ਬੇਨਤੀਜਾ ਰਹੀ। ਕਿਸਾਨਾਂ ਨੂੰ ਅਗਲੀ ਮੀਟਿੰਗ ਲਈ ਕੇਂਦਰ ਸਰਕਾਰ ਨੇ ਸਮਾਂ ਨਹੀਂ ਦਿੱਤਾ, ਜਦੋਂਕਿ ਕਿਸਾਨ ਆਗੂਆਂ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਕਿ ਹੁਣ ਅਗਲੀ ਮੀਟਿੰਗ ਕੇਂਦਰ ਦੇ ਨਾਲ ਨਹੀਂ ਹੋਵੇਗੀ। ਕਿਉਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਇੱਕ ਗੱਲ ਨੂੰ ਸਾਫ਼ ਕਰ ਦਿੱਤਾ ਕਿ, ਹੁਣ ਤੱਕ ਜੋ ਵੀ ਪ੍ਰਸਤਾਵ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਹਨ, ਉਹ ਸਾਰੇ ਕਿਸਾਨ ਪੱਖੀ ਸਨ ਅਤੇ ਮੋਦੀ ਸਰਕਾਰ ਕਿਸਾਨ ਪੱਖੀ ਹੀ ਹੈ। ਤੋਮਰ ਨੇ ਕਿਹਾ ਕਿ, ਸਰਕਾਰ ਚਾਹੁੰਦੀ ਹੈ ਕਿ ਕਿਸਾਨ ਭੇਜੇ ਗਏ ਪ੍ਰਸਤਾਵ ਨੂੰ ਪ੍ਰਵਾਨ ਕਰਨ ਅਤੇ ਅੰਦੋਲਨ ਸਮਾਪਤ ਕਰਨ।
ਖੇਤੀ ਮੰਤਰੀ ਨੇ ਇਹ ਵੀ ਕਿਹਾ ਕਿ, ਇਸ ਤੋਂ ਬਿਹਤਰ ਅਸੀਂ ਕੁੱਝ ਨਹੀਂ ਕਰ ਸਕਦੇ ਅਤੇ ਜੇਕਰ ਤੁਹਾਡਾ ਵਿਚਾਰ ਬਣੇ ਤਾਂ ਇੱਕ ਵਾਰ ਸੋਚ ਲਓ। ਇਸ ਦੇ ਨਾਲ ਹੀ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਫਿਰ ਮਿਲਾਂਗੇ, ਪਰ ਅਜੇ ਅਗਲੀ ਕੋਈ ਤਰੀਕ ਤੈਅ ਨਹੀਂ ਕੀਤੀ ਗਈ। ਕਿਸਾਨ ਯੂਨੀਅਨਾਂ ਨੂੰ ਭਲਕੇ ਸ਼ਨੀਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਹ ਆਪਣਾ ਪ੍ਰਸਤਾਵ ਪੇਸ਼ ਕਰ ਸਕਦੀਆਂ ਹਨ। ਦੂਜੇ ਪਾਸੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 11ਵੇਂ ਦੌਰ ਦੀ ਜੋ ਮੀਟਿੰਗ ਸਰਕਾਰ ਦੇ ਨਾਲ ਹੋਈ ਹੈ, ਉਸ ਵਿੱਚ ਸਰਕਾਰ ਦਾ ਰਵੱਈਆ ਕਿਸਾਨ ਵਿਰੋਧੀ ਸੀ ਅਤੇ ਇਸ ਤੋਂ ਲੱਗ ਰਿਹਾ ਹੈ ਕਿ, ਸਰਕਾਰ ਨਹੀਂ ਚਾਹੁੰਦੀ ਕਿ ਮਸਲੇ ਦਾ ਹੱਲ ਨਿਕਲੇ, ਇਸੇ ਲਈ ਹੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ, ਸਰਕਾਰ ਨੇ ਮੀਟਿੰਗ ਦਾ ਕੋਈ ਸਮਾਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਦਿੱਤਾ, ਜਿਸ ਤੋਂ ਲੱਗਦਾ ਹੈ ਕਿ ਅੱਗੇ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਵੇਗੀ।