ਨਵੀਂ ਦਿੱਲੀ, 30 ਜਨਵਰੀ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪ੍ਰੀ-ਟਰਾਇਲ ਹਿਰਾਸਤ ਦੀ ਆਗਿਆ ਦੇਣ ਵਾਲੇ ਆਪਣੇ ਪਹਿਲੇ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਇਹ ਕਾਨੂੰਨ ਚੋਰੀ ਅਤੇ ਸੰਨ੍ਹਮਾਰੀ ਵਰਗੇ ਅਪਰਾਧਾਂ ਦੇ ਦੋਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਦਿੰਦਾ ਹੈ। ‘ਲੇਕੇਨ ਰਿਲੇ ਐਕਟ’ ਨੂੰ ਪਹਿਲਾਂ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ – ਹਾਊਸ ਅਤੇ ਸੈਨੇਟ ਵਿੱਚ ਦੋ-ਪੱਖੀ ਸਮਰਥਨ ਪ੍ਰਾਪਤ ਹੋਇਆ ਸੀ।
ਟਰੰਪ ਨੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਬਿੱਲ ਵਜੋਂ ਇਸ ‘ਤੇ ਦਸਤਖਤ ਕੀਤੇ ਹਨ। ਟਰੰਪ ਨੇ ਕਿਹਾ, “ਇਸ ਕਾਨੂੰਨ ਦੇ ਤਹਿਤ, ਗ੍ਰਹਿ ਸੁਰੱਖਿਆ ਵਿਭਾਗ ਕੋਲ ਉਨ੍ਹਾਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਹੋਵੇਗਾ, ਜੋ ਚੋਰੀ, ਸੰਨ੍ਹਮਾਰੀ, ਡਕੈਤੀ, ਪੁਲਸ ਅਧਿਕਾਰੀ ‘ਤੇ ਹਮਲਾ, ਕਤਲ ਜਾਂ ਗੰਭੀਰ ਸੱਟ ਨਾਲ ਜੁੜੇ ਅਪਰਾਧਾਂ ਲਈ ਗ੍ਰਿਫਤਾਰ ਕੀਤੇ ਗਏ ਹਨ।” ਇਸ ਕਾਨੂੰਨ ਦਾ ਨਾਮ ਜਾਰਜੀਆ ਦੀ 22 ਸਾਲਾ ਨਰਸਿੰਗ ਵਿਦਿਆਰਥਣ ਲੇਕਨ ਰਿਲੇ ਦੇ ਨਾਮ ‘ਤੇ ਰੱਖਿਆ ਗਿਆ ਹੈ। ਵਿਦਿਆਰਥਣ ਦੀ ਹੱਤਿਆ ਵੈਨੇਜ਼ੁਏਲਾ ਤੋਂ ਆਏ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੇ ਕੀਤੀ ਸੀ।
ਟਰੰਪ ਨੇ ਇਸਨੂੰ ‘ਇਤਿਹਾਸਕ ਕਾਨੂੰਨ’ ਕਿਹਾ। ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸਮੈਨ ਡਿਕ ਡਰਬਿਨ ਨੇ ਇਸ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸੰਘੀ ਸਰਕਾਰ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਦਾ ਹੈ ਅਤੇ ਸੰਵਿਧਾਨ ਦੁਆਰਾ ਨਿਰਧਾਰਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੁੱਧ ਹੈ। ਇਹ ਬਿੱਲ ਸੈਨੇਟ ਵਿੱਚ 35 ਦੇ ਮੁਕਾਬਲੇ 64 ਵੋਟਾਂ ਨਾਲ ਪਾਸ ਹੋਇਆ, ਜਦੋਂ ਕਿ ਸਦਨ ਵਿੱਚ ਇਸਨੂੰ 156 ਦੇ ਮੁਕਾਬਲੇ 263 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ।