ਪੁਣੇ, 31 ਜਨਵਰੀ 2025 – ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਪੁਣੇ ਵਿੱਚ ਖੇਡਿਆ ਜਾਵੇਗਾ। ਅੱਜ ਦਾ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਇੰਗਲੈਂਡ ਲਈ ਕਰੋ ਜਾਂ ਮਰੋ ਵਰਗਾ ਹੈ। ਕਿਉਂਕਿ ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਅੰਗਰੇਜ਼ੀ ਟੀਮ ਸੀਰੀਜ਼ ਹਾਰ ਜਾਵੇਗੀ। ਟੀਮ ਇੰਡੀਆ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਟਾਸ ਸ਼ਾਮ 6.30 ਵਜੇ ਹੋਵੇਗੀ ਜਦੋਂ ਕਿ ਸ਼ਾਮ 7 ਵਜੇ ਮੈਚ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਇਸ ਮੈਦਾਨ ‘ਤੇ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ 2012 ਵਿੱਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਅਰਸ਼ਦੀਪ ਸਿੰਘ ਭਾਰਤੀ ਟੀਮ ਦੀ ਗੇਂਦਬਾਜ਼ੀ ਵਿੱਚ ਵਾਪਸੀ ਕਰ ਸਕਦਾ ਹੈ, ਜਦੋਂ ਕਿ ਸ਼ਿਵਮ ਦੂਬੇ ਬੱਲੇਬਾਜ਼ੀ ਵਿੱਚ ਧਰੁਵ ਜੁਰੇਲ ਦੀ ਜਗ੍ਹਾ ਲੈ ਸਕਦਾ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 27 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 15 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਇੰਗਲੈਂਡ ਸਿਰਫ਼ 12 ਵਿੱਚ ਜਿੱਤਿਆ। ਇੰਗਲੈਂਡ ਨੇ ਆਖਰੀ ਵਾਰ 2014 ਵਿੱਚ ਭਾਰਤ ਵਿਰੁੱਧ ਟੀ-20 ਸੀਰੀਜ਼ ਜਿੱਤੀ ਸੀ। ਜੇਕਰ ਇੰਗਲਿਸ਼ ਟੀਮ ਅੱਜ ਹਾਰ ਜਾਂਦੀ ਹੈ, ਤਾਂ ਉਹ ਭਾਰਤ ਵਿਰੁੱਧ ਲਗਾਤਾਰ ਪੰਜਵੀਂ ਟੀ-20 ਲੜੀ ਹਾਰ ਜਾਵੇਗੀ।