- ਵੱਖ-ਵੱਖ ਬੈਂਕਾਂ ਦੇ 9 ਏ.ਟੀ.ਐਮ. ਕਾਰਡ ਤੇ ਮੋਟਰਸਾਈਕਲ ਬਰਾਮਦ-ਕਮਿਸ਼ਨਰ ਪੁਲਿਸ
ਜਲੰਧਰ, 14 ਫਰਵਰੀ 2025 – ਵਿੱਤੀ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਵਲੋਂ ਏ.ਟੀ.ਐਮ. ਰਾਹੀਂ ਧੋਖਾ ਕਰਕੇ ਪੈਸੇ ਕਢਵਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਅਣ-ਅਧਿਕਾਰਤ ਤੌਰ ’ਤੇ ਪੈਸੇ ਦਾ ਲੈਣ-ਦੇਣ ਹੋਣ ਪਿਛੋਂ ਇਕ ਪੀੜਤ ਵਲੋਂ ਪ੍ਰਾਪਤ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਕੀਤੀਆਂ ਗਈਆਂ ਹਨ।
ਸੀ.ਆਰ.ਪੀ.ਐਫ. ਤੋਂ ਸੇਵਾ ਮੁਕਤ ਹੋਏ ਸਬ ਇੰਸਪੈਕਟਰ ਅਵਿਨਾਸ਼ ਕੁਮਾਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ’ਤੇ 05 ਫਰਵਰੀ 2025 ਪੁਲਿਸ ਥਾਣਾ ਨੰਬਰ 1, ਜਲੰਧਰ ਵਿਖੇ ਐਫ.ਆਈ.ਆਰ. ਨੰਬਰ 09 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ 3 ਜਨਵਰੀ 2025 ਨੂੰ ਸ਼ਾਮ 6:15 ਵਜੇ ਤਿੰਨ ਵਿਅਕਤੀਆਂ ਵਲੋਂ ਗੁਲਾਬ ਦੇਵੀ ਰੋਡ, ਵਿੰਡਸਰ ਪਾਰਕ ਜਲੰਧਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ’ਤੇ ਉਸ ਦਾ ਏ.ਟੀ.ਐਮ. ਕਾਰਡ ਬਦਲਕੇ 17000 ਰੁਪਏ ਉਸ ਦੇ ਬੈਂਕ ਖਾਤੇ ਵਿੱਚ ਕਢਵਾਏ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵਲੋਂ ਕਮਾਲੇ ਆਲਮ ਅਤੇ ਸ਼ਿਵਮ ਕੁਮਾਰ ਦੋਵੇਂ ਵਾਸੀ ਬਿਹਾਰ ਹਾਲ ਵਾਸੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਪਾਸੋਂ ਵੱਖ-ਵੱਖ ਬੈਂਕਾਂ ਦੇ 9 ਏ.ਟੀ.ਐਮ.ਕਾਰਡ ਅਤੇ ਅਪਰਾਧ ਦੌਰਾਨ ਵਰਤਿਆ ਗਿਆ ਇਕ ਚਿੱਟੇ ਰੰਗ ਦਾ ਅਪਾਚੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਇਨਾਂ ਦੇ ਤੀਜੇ ਸਾਥੀ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।

ਪੁਛਗਿੱਛ ਦੌਰਾਨ ਪਾਇਆ ਗਿਆ ਕਿ ਦੋਸ਼ੀ ਪੁਲਿਸ ਸਟੇਸ਼ਨ ਆਦਮਪੁਰ ਦਿਹਾਤੀ ਵਿਖੇ ਐਫ.ਆਈ.ਆਰ.ਨੰਬਰ 159 ਮਿਤੀ 12-09-2022 ਧਾਰਾ 379, ਪੁਲਿਸ ਸਟੇਸ਼ਨ ਕਰਤਾਰਪੁਰ ਜਲੰਧਰ ਦਿਹਾਤੀ ਐਫ.ਆਈ.ਆਰ. ਨੰਬਰ 71 ਮਿਤੀ 14-06-2023 ਧਾਰਾ 406, 420 ਆਈ.ਪੀ.ਸੀ. ਅਤੇ ਥਾਣਾ ਡਵੀਜ਼ਨ ਨੰਬਰ 01 ਜਲੰਧਰ ਸ਼ਹਿਰ ਵਿੱਚ ਦਰਜ ਐਫ.ਆਈ.ਆਰ. ਨੰਬਰ 76 ਮਿਤੀ 10-07-2025 ਵਿੱਚ ਸ਼ਾਮਿਲ ਹਨ।
ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇ। ਉਨ੍ਹਾਂ ਦੁਹਰਾਇਆ ਕਿ ਪੁਲਿਸ ਵਿਭਾਗ ਸ਼ਹਿਰ ਵਾਸੀਆਂ ਨੂੰ ਵਿੱਤੀ ਜੁਰਮਾਂ ਤੋਂ ਬਚਾਕੇ ਉਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਤੀਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
