- ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਨਾਲ ਸਬੰਧਿਤ ਹੈ ਰੂਪਨਪ੍ਰੀਤ ਕੌਰ
ਸੁਲਤਾਨਪੁਰ ਲੋਧੀ 21 ਫਰਵਰੀ 2025 ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਦੀ ਨੇਵੀ ਪੁਲਿਸ ’ਚ ਭਰਤੀ ਹੋਈ ਹੈ। ਜਿਥੇ ਕੈਨੇਡਾ ਦੀ ਨੇਵੀ ਪੁਲਿਸ ਚੁਣੇ ਜਾਣ ’ਤੇ ਰੂਪਨਪ੍ਰੀਤ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਉੱਥੇ ਹੀ ਪੰਜਾਬ ਦਾ ਨਾਂਅ ਵੀ ਉੱਚਾ ਹੋਇਆ ਹੈ। ਇਸ ਮਾਣਮੱਤੀ ਉਪਲੱਬਧੀ ਸਦਕਾ ਰੂਪਨਪ੍ਰੀਤ ਦੇ ਪਰਿਵਾਰ ਨੂੰ ਚੁਫ਼ੇਰਿਉਂ ਵਧਾਈਆਂ ਮਿਲ ਰਹੀਆਂ ਹਨ।
ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੋਣਹਾਰ ਪੋਤਰੀ ਰੂਪਨਪ੍ਰੀਤ ਕੌਰ ਜੋ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋਈ ਹੈ, ਬਾਰੇ ਕੈਨੇਡਾ ਤੋਂ ਭਰਾ ਜਸ਼ਨ ਸਿੰਘ ਅਤੇ ਇੰਡੀਆ ਤੋਂ ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ ਅਤੇ ਮਾਤਾ ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਤੋਂ ਮੁਢਲੀ ਪੜ੍ਹਾਈ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ +2 ਪਾਸ ਕਰ ਕੇ 2018 ’ਚ ਕੈਨੇਡਾ ਗਈ ਧੀ ਰਾਣੀ ਨੇ ਪਹਿਲਾਂ ‘ਲੰਗਾਰਾ ਕਾਲਜ, ਸਰੀ’ ’ਚ ਪੂਰੀ ਲਗਨ ਅਤੇ ਮਿਹਨਤ ਨਾਲ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀ.ਆਰ. ਹੋਣ ਉਪਰੰਤ ਅਪਣੀ ਜੌਬ ਦੇ ਨਾਲ ਨਾਲ ਕੈਨੇਡਾ ਨੇਵੀ ਲਈ ‘ਫ਼ੋਰਸ ਟੈਸਟ ਮਿਲਟਰੀ ਅਤੇ ਇਥੌਸ ਫਿਟਨੈੱਸ ਟੈਸਟ’ ਦੀ ਪੜ੍ਹਾਈ ਜਾਰੀ ਰੱਖੀ ਜਿਸ ਦੇ ਫ਼ਲਸਰੂਪ ਉਹ ਅਪਣੀ ‘ਕੈਨੇਡਾ ਨੇਵੀ’ ਦੀ ਮੰਜ਼ਲ ਨੂੰ ਸਰ ਕਰ ਸਕੀ ਹੈ।

