ਅੰਮ੍ਰਿਤਸਰ 22 ਫਰਵਰੀ 2025 – 2025 – ਪ੍ਰਵਾਸੀ ਭਾਰਤੀ ਮਾਮਲੇ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵੱਲੋਂ ਡਿਪੋਰਟ ਕਰਕੇ ਪਨਾਮਾ ਵਿੱਚ ਛੱਡ ਦਿੱਤੇ ਗਏ ਦੇਸ਼ ਵਾਸੀਆਂ ਦੇ ਮਸਲੇ ਉੱਤੇ ਬੋਲਦੇ ਹੋਏ ਕਿਹਾ ਕਿ ਇਹ ਹੁਣ ਭਾਰਤ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਵਾਪਸ ਲਿਆਵੇ। ਅਜਨਾਲਾ ਵਿਖੇ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਧਾਲੀਵਾਲ ਨੇ ਅਸੀਂ ਇਸ ਮਾਮਲੇ ਉੱਤੇ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ ਅਤੇ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਬੇਗਾਨੇ ਦੇਸ਼ ਵਿੱਚ ਫਸੇ ਦੇਸ਼ ਵਾਸੀਆਂ ਨੂੰ ਵਾਪਸ ਲੈ ਕੇ ਆਉਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਮੁੱਦੇ ਉੱਤੇ ਆਪਣੇ ਵਾਸੀਆਂ ਨਾਲ ਹੈ ਅਤੇ ਜਿੱਥੇ ਵੀ ਸਾਡੀ ਲੋੜ ਪਵੇਗੀ ਅਸੀਂ ਵੀ ਹਾਜ਼ਰ ਹਾਂ।
ਮੀਡੀਏ ਵਿੱਚ ਆਈਆਂ ਖਬਰਾਂ ਕਿ ਕੁਝ ਲੋਕ ਦੇਸ਼ ਵਾਪਸੀ ਲਈ ਰਾਜੀ ਨਹੀਂ ਹਨ, ਬਾਰੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਇਹ ਕਾਨੂੰਨ ਦਾ ਮਸਲਾ ਹੈ, ਜਦ ਵੀ ਕੋਈ ਦੇਸ਼ ਕਿਸੇ ਨੂੰ ਡਿਪੋਰਟ ਕਰ ਦਿੰਦਾ ਹੈ ਤਾਂ ਉਸ ਨੂੰ ਵਾਪਸ ਆਪਣੇ ਦੇਸ਼ ਆਉਣਾ ਪੈਂਦਾ ਹੈ ਉੱਥੇ ਉਸਦੀ ਮਰਜ਼ੀ ਜਾਂ ਇੱਛਾ ਨਹੀਂ ਚੱਲਦੀ ਕਿ ਉਸ ਨੇ ਵਾਪਸ ਜਾਣਾ ਹੈ ਜਾਂ ਨਹੀਂ, ਇਸ ਲਈ ਮੇਰੇ ਖਿਆਲ ਵਿੱਚ ਇਹਨਾਂ ਸਾਰਿਆਂ ਨੂੰ ਵਾਪਸ ਹੀ ਆਉਣਾ ਪਵੇਗਾ।
ਧਾਲੀਵਾਲ ਨੇ ਅਜਨਾਲਾ ਵਿਖੇ ਲਗਾਏ ਲੋਕ ਦਰਬਾਰ ਵਿੱਚ ਲੋਕਾਂ ਦੇ ਮਸਲੇ ਸੁਣੇ ਅਤੇ ਅਧਿਕਾਰੀਆਂ ਨੂੰ ਤੁਰੰਤ ਨਿਪਟਾਰੇ ਦੇ ਨਿਰਦੇਸ਼ ਦਿੱਤੇ।

