ਨਵੀਂ ਦਿੱਲੀ, 26 ਫਰਵਰੀ 2025 – ਮਹਾਸ਼ਿਵਰਾਤਰੀ ਮੌਕੇ ਬਾਬਾ ਕੇਦਾਰਨਾਥ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਮੰਦਰ ਦੇ ਕਿਵਾੜ ਖੋਲ੍ਹਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ 2 ਮਈ ਤੋਂ ਕੇਦਾਰਨਾਥ ਧਾਮ ਦੇ ਕਿਵਾੜ ਸਵੇਰੇ 7 ਵਜੇ ਵ੍ਰਸ਼ ਲਗਨ ‘ਚ ਖੁੱਲ੍ਹਣਗੇ। ਕੇਦਾਰਨਾਥ ਧਾਮ ਦੇ ਕਿਵਾੜ ਸ਼ੁਭ ਮਹੂਰਤ ‘ਤੇ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਚਾਰ ਧਾਮ ਯਾਤਰਾ ਵੀ ਸ਼ੁਰੂ ਹੋਵੇਗੀ। ਕੇਦਾਰਨਾਥ ਧਾਮ ‘ਚ ਸਥਾਪਿਤ ਜੋਤਿਰਲਿੰਗ 12 ਜੋਤਿਰਲਿੰਗਾਂ ‘ਚੋਂ ਇਕ ਹੈ ਅਤੇ ਪੰਚ ਕੇਦਾਰ ‘ਚ ਇਕ ਪ੍ਰਮੁੱਖ ਸਥਾਨ ਰੱਖਦੇ ਹਨ। ਹਰ ਸਾਲ ਇਹ ਸਰਦੀਆਂ ‘ਚ ਭਾਰੀ ਬਰਫ਼ਬਾਰੀ ਕਾਰਨ 6 ਮਹੀਨਿਆਂ ਲਈ ਬੰਦ ਰਹਿੰਦਾ ਹੈ।
ਪ੍ਰਸਿੱਧ ਕੇਦਾਰਨਾਥ ਧਾਮ ਉੱਤਰਾਖੰਡ ਦੇ ਚਾਰ ਧਾਮਾਂ ‘ਚੋਂ ਇਕ ਹੈ। ਕੇਦਾਰਨਾਥ ਰੁਦਰਪ੍ਰਯਾਗ ਜ਼ਿਲ੍ਹੇ ‘ਚ ਗੌਰੀਕੁੰਡ ਤੋਂ ਕਰੀਬ 16 ਕਿਲੋਮੀਟਰ ਦੀ ਦੂਰੀ ‘ਤੇ ਮੰਦਰ ਸਥਿਤ ਹੈ। ਇਸ ਪ੍ਰਾਚੀਨ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਮਹਾਭਾਰਤ ਦੇ ਸਮੇਂ ਭੋਲੇ ਨਾਥ ਨੇ ਪਾਂਡਵਾਂ ਨੂੰ ਬੇਲ ਰੂਪ ‘ਚ ਦਰਸ਼ਨ ਦਿੱਤੇ ਸਨ। ਇਸ ਮੰਦਰ ਦਾ ਨਿਰਮਾਣ ਆਦਿ ਗੁਰੂ ਸ਼ੰਕਰਾਚਾਰੀਆ ਨੇ 8ਵੀਂ-9ਵੀਂ ਸਦੀ ‘ਚ ਕਰਵਾਇਆ ਸੀ। ਚਾਰ ਧਾਮ ਆਉਣ ਵਾਲੇ ਲੋਕ ਕੇਦਾਰਨਾਥ ਧਾਮ ਦੇ ਨਾਲ ਗੰਗੋਤਰੀ, ਯਮੁਨੋਤਰੀ ਅਤੇ ਬਦਰੀਨਾਥ ਦੇ ਦਰਸ਼ਨ ਕਰਦੇ ਹਨ।

