ਮਾਨਸਾ, 26 ਫਰਵਰੀ 2025 : ਨਸ਼ਿਆਂ ਖਿਲਾਫ ਬਿੱਡੀ ਮੁਹਿੰਮ ਤਹਿਤ ਮਾਨਸਾ ਦੇ ਕਸਬਾ ਬੋਹਾ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਮਾਰਕੀਟ ਕੀਮਤ 2 ਲੱਖ ਰੁਪਏ ਹੈ।
ਥਾਣਾ ਬੋਹਾ ਦੇ ਮੁੱਖ ਅਫਸਰ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਹਾ ਪੁਲਿਸ ਪਾਰਟੀ ਵੱਲੋਂ ਪੰਜਾਬ ਹਰਿਆਣਾ ਦੇ ਬਾਰਡਰ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਇੱਕ ਵਰਨਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਉਸ ਗੱਡੀ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਤਾਂ ਪੁਲਿਸ ਪਾਰਟੀ ਵੱਲੋਂ ਗੱਡੀ ਚਾਲਕ ਗੁਰਜੰਟ ਸਿੰਘ ਅਤੇ ਉਸ ਨਾਲ ਬੈਠੀ ਮਹਿਲਾ ਲਛਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਸਲੇਮਪੁਰਾ ਲੁਧਿਆਣਾ ਦੇ ਰਹਿਣ ਵਾਲੇ ਹਨ। ਅੱਜ ਇਨ੍ਹਾਂ ਦੋਵਾਂ ਨੂੰ ਬੁਢਲਾਡਾ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਜੁਡੀਸ਼ਅਲ ਕੋਰਟ ਵੱਲੋਂ ਇਨ੍ਹਾਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਅਹਿਮ ਸੁਰਾਗ ਮਿਲ ਸਕਣ।

