ਜਲੰਧਰ, 27 ਫਰਵਰੀ 2025 – ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਦਿਹਾਤੀ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 160 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਗ੍ਰਿਫਤਾਰੀਆਂ ਫਿਲੌਰ ਪੁਲਿਸ ਵਲੋਂ ਗੰਨਾ ਪਿੰਡ ਵਿਖੇ ਕੀਤੀਆਂ ਗਈਆਂ ਹਨ।
ਫੜੀਆਂ ਗਈਆਂ ਮਹਿਲਾਵਾਂ ਦੀ ਪਛਾਣ ਅਨੀਤਾ ਰਾਣੀ ਪਤਨੀ ਮੰਗਤ ਰਾਮ, ਰਾਣੀ ਪਤਨੀ ਮਿੰਦਾ ਪੁੱਤਰ ਜਾਗਰ ਰਾਮ ਅਤੇ ਪ੍ਰੀਤੀ ਪਤਨੀ ਹਰਜਿੰਦਰ ਪੁੱਤਰ ਰਾਣਾ (ਸਾਰੇ ਫਿਲੌਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਗੰਨਾ ਪਿੰਡ ਦੇ ਵਸਨੀਕ) ਵਜੋਂ ਹੋਈ ਹੈ।
ਐਸ.ਐਸ.ਪੀ. ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਐਸ.ਐਚ.ਓ. ਫਿਲੌਰ ਨੂੰ ਸੂਚਨਾ ਮਿਲਣ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਐਸਪੀ (ਜਾਂਚ) ਜਸਰੂਪ ਕੌਰ ਬਾਠ ਅਤੇ ਡੀ.ਐਸ.ਪੀ. ਫਿਲੌਰ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ 22 ਫਰਵਰੀ ਨੂੰ ਅਨੀਤਾ ਰਾਣੀ ਨੂੰ ਰੋਕਿਆ ਅਤੇ ਉਸਦੇ ਕੋਲੋਂ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਟੀਮ ਨੇ 24 ਫਰਵਰੀ ਨੂੰ ਰਾਣੀ ਅਤੇ ਪ੍ਰੀਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਹਨਾਂ ਵਿਚੋਂ ਹਰੇਕ ਕੋਲੋਂ 45-45 ਗੋਲੀਆਂ ਬਰਾਮਦ ਕੀਤੀਆਂ।

ਐਸ.ਐਸ.ਪੀ. ਨੇ ਦੱਸਿਆ ਕਿ ਪੁਛਗਿੱਛ ਕਰਨ ‘ਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਕ ਨੈੱਟਵਰਕ ਚਲਾ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ।
ਐਸ.ਐਸ.ਪੀ. ਖੱਖ ਨੇ ਅੱਗੇ ਦੱਸਿਆ ਕਿ ਤਿੰਨੋਂ ਔਰਤਾਂ ਆਦਤਨ ਅਪਰਾਧੀ ਹਨ, ਜਿਨ੍ਹਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅਨੀਤਾ ਰਾਣੀ ਖਿਲਾਫ਼ ਸਾਲ 2022 ਅਤੇ ਸਾਲ 2024 ਦਰਮਿਆਨ ਐਨ.ਡੀ.ਪੀ.ਐਸ. ਐਕਟ ਦੇ ਤਿੰਨ ਮਾਮਲੇ ਦਰਜ ਹੋ ਚੁੱਕੇ ਹਨ। ਇਸੇ ਤਰ੍ਹਾਂ ਰਾਣੀ ਅਤੇ ਪ੍ਰੀਤੀ ‘ਤੇ ਵੀ ਪਹਿਲਾਂ ਹੀ ਤਿੰਨ-ਤਿੰਨ ਨਸ਼ੀਲੇ ਪਦਾਰਥਾਂ ਦੇ ਮਾਮਲੇ ਦਰਜ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਆਦਤਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਜ਼ਾ ਮਾਮਲੇ ਵਿੱਚ ਫਿਲੌਰ ਪੁਲਿਸ ਸਟੇਸ਼ਨ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੋਰ ਜਾਂਚ ਲਈ ਇਹਨਾਂ ਨੂੰ ਪੁਲਿਸ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐਸ.ਐਸ.ਪੀ. ਖੱਖ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਦਿਆਂ ਜਨਤਾ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਆਸ-ਪਾਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਗਤੀਵਿਧੀਆਂ ਦੇਖਣ ‘ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਬਿਲਕੁੱਲ ਗੁਪਤ ਰੱਖੀ ਜਾਵੇਗੀ।
